ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਪੰਜਾਬ ਵਿਚ ਆਏ ਹੜ੍ਹਾਂ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਹਾਲਤ ਬੇਹੱਦ ਨਾਜ਼ੁਕ ਹੈ। ਲੋਕ ਤੇ ਸਰਕਾਰ ਮਿਲ ਕੇ ਰਾਹਤ ਕੰਮਾਂ ਵਿਚ ਲੱਗੇ ਹੋਏ ਹਨ ਪਰ ਇਸ ਵਿਚ ਸਮਾਂ ਲੱਗੇਗਾ। ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਕਿਹਾ ਕਿ ਅਸਲੀ ਤਸਵੀਰ ਉਦੋਂ ਸਾਹਮਣੇ ਆਏਗੀ ਜਦੋਂ ਪਾਣੀ ਉਤਰੇਗਾ। ਉਦੋਂ ਹੀ ਸਪੱਸ਼ਟ ਹੋ ਸਕੇਗਾ ਕਿ ਕਿਸਾਨਾਂ ਤੇ ਆਮ ਲੋਕਾਂ ਨੂੰ ਕਿੰਨਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਹਜ਼ਾਰਾਂ ਹੈਕਟੇਅਰ ਜ਼ਮੀਨ ਤਬਾਹ ਹੋ ਗਈ ਜਿਸ ਨਾਲ ਫਸਲਾਂ ਬਰਬਾਦ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਕਈ ਲੋਕਾਂ ਦੇ ਘਰ ਵੀ ਹੜ੍ਹ ਦੇ ਪਾਣੀ ਵਿਚ ਰੁੜ੍ਹ ਗਏ ਹਨ।
ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਚੁਣੌਤੀ ਪਾਣੀ ਦੇ ਨਾਲ ਖੇਤਾਂ ਵਿਚ ਆਈ ਰੇਤ ਨੂੰ ਹਟਾਉਣਾ ਹੋਵੇਗਾ। ਜੇਕਰ ਇਹ ਰੇਤ ਸਮਾਂ ਰਹਿੰਦਿਆਂ ਸਾਫ ਨਹੀਂ ਕੀਤੀ ਗਈ ਤਾਂ ਕਿਸਾਨਾਂ ਲਈ ਅਗਲੀ ਫਸਲ ਬੀਜਣਾ ਮੁਸ਼ਕਲ ਹੋ ਜਾਵੇਗਾ। ਹਰਭਜਨ ਸਿੰਘ ਨੇ ਸਮਾਜ ਸੇਵੀਆਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਹੋ ਕੇ ਹੜ੍ਹ ਪੀੜਤਾਂਦੀ ਮਦਦ ਕਰਨ।
ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਪੂਰੀ ਕੋਸ਼ਿਸ਼ ਕਰ ਰਿਹਾ ਹੈ ਪਰ ਅਜਿਹੇ ਸਮੇਂ ਸਮਾਜ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿਰਫ ਪੰਜਾਬ ਹੀ ਨਹੀਂ ਸਗੋਂ ਹਰਿਆਣਾ, ਹਿਮਾਚਲ ਪ੍ਰਦੇਸ਼ ਦੇ ਲੋਕ ਵੀ ਹੜ੍ਹ ਦੀ ਮਾਰ ਝੇਲ ਰਹੇ ਹਨ। ਉਨ੍ਹਾਂ ਅਰਦਾਸ ਕੀਤੀ ਕਿ ਸਾਰੇ ਪ੍ਰਭਾਵਿਤ ਲੋਕ ਜਲਦ ਇਸ ਆਪਦਾ ਤੋਂ ਬਾਹਰ ਨਿਕਲਣ ਤੇ ਸਾਧਾਰਨ ਜੀਵਨ ਵਿਚ ਪਰਤ ਸਕਣ।
ਵੀਡੀਓ ਲਈ ਕਲਿੱਕ ਕਰੋ -:
























