Cyber cell will expose : ਮੋਹਾਲੀ : ਖਰੜ ਵਿਚ ਇਕ 17 ਸਾਲਾ ਅਤੇ ਮੋਹਾਲੀ ਦੀ ਪੌਸ਼ ਸੁਸਾਇਟੀ ਤੋਂ 15 ਸਾਲਾ ਅੱਲ੍ਹੜਾਂ ਵੱਲੋਂ ਸਿਰਫ ਤਿੰਨ ਦਿਨ ਵਿਚ ਪਬਜੀ ਗੇਮ ਵਿਚ 19 ਲੱਖ ਰੁਪਏ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਇਸ ਗੇਮ ਪਿੱਛੇ ਸਰਗਰਮ ਇਸ ਗਿਰੋਹ ਦਾ ਪਰਦਾਫਾਸ਼ ਕਰਨ ਲਈ ਹੁਣ ਸਾਈਬਰ ਸੈੱਲ ਇਸ ਮਾਮਲੇ ਦੀ ਜਾਂਚ ਕਰੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸਾਈਬਰ ਕ੍ਰਾਈਮ ਡੀਐਸਪੀ ਰੁਪਿੰਦਰ ਕੌਰ ਨੇ ਦੱਸਿਆ ਕਿ ਗੇਮ ਰਾਹੀ ਆਨਲਾਈਨ ਠੱਗੀ ਕਰਨ ਵਾਲੇ ਇਸ ਗਿਰੋਹ ਦਾ ਪਰਦਾਫਾਸ਼ ਕਰਨ ਲਈ ਫਰੰਟ ਫੁੱਟ ’ਤੇ ਇਕ ਟੀਮ ਨੂੰ ਤਿਆਰ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਅੱਜਕਲ ਨੌਜਵਾਨ ਪਬਜੀ ਗੇਮ ਦੇ ਕਾਫੀ ਆਦੀ ਹੋ ਚੁੱਕੇ ਹਨ, ਜਿਸ ’ਤੇ ਮਾਪਿਆਂ ਨੂੰ ਬੱਚਿਆਂ ਦਾ ਫੋਨ ਇਸਤੇਮਾਲ ਕਰਨ ਵੇਲੇ ਉਨ੍ਹਾਂ ਦਾ ਧਿਆਨ ਰਖਣਾ ਚਾਹੀਦਾ ਹੈ। ਮਹਾਮਾਰੀ ਦੇ ਚੱਲਦਿਆਂ ਫੋਨ ਤੋਂ ਬੱਚੇ ਆਨਲਾਈਨ ਸਟੱਡੀ ਕਰਦੇ ਹਨ ਪਰ ਇਸ ਤੋਂ ਬਾਅਦ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਫੋਨ ਜ਼ਿਆਦਾ ਇਸਤੇਮਾਲ ਨਾ ਕਰਨ ਅਤੇ ਫੋਨ ਦਾ ਇੰਟਰਨੈੱਟ ਬੰਦ ਹੀ ਰਖਿਆ ਜਾਵੇ। ਇਸ ਦੇ ਨਾਲ ਹੀ ਬੱਚਿਆਂ ਕੋਲੋਂ ਮਾਪਿਆਂ ਨੂੰ ਆਪਣੇ ਏਟੀਐਮ ਜਾਂ ਕ੍ਰੈਡਿਟ ਕਾਰਡ ਰਾਹੀਂ ਆਨਲਾਈਨ ਸ਼ਾਪਿੰਗ ਜਾਂ ਬਿੱਲ ਭਰਵਾਉ ਵਰਗੀਆਂ ਆਨਲਾਈਨ ਪੇਮੈਂਟਸ ਨਹੀਂ ਕਰਵਾਉਣ ਚਾਹੀਦੀ ਕਿਉਂਕਿ ਇਕ ਵਾਰ ਕਾਰਡ ਡਿਟੇਲ ਪਾਉਣ ਨਾਲ ਡਾਟਾ ਮੋਬਾਈਲ ਵਿਚ ਸਟੋਰ ਹੋ ਜਾਂਦਾ ਹੈ, ਜਿਸ ਤੋਂ ਬਾਅਦ ਬੱਚੇ ਗਲਤ ਇਸ ਗੱਲ ਦਾ ਗਲਤ ਫਾਇਦਾ ਚੁੱਕਦੇ ਹਨ।
ਇਸ ਬਾਰੇ ਸਾਈਬਰ ਮਾਹਿਰ ਰਾਜੇਸ਼ ਰਾਣਾ ਨੇ ਦੱਸਿਆ ਕਿ ਇੰਡੀਆ ਵਿਚ ਪਬਜੀ ਦਾ ਆਫੀਸ਼ਿਅਲ ਟਰਨਓਵਰ ਇਕ ਬਿਲੀਅਨ ਡਾਲਰ ਕ੍ਰਾਸ ਕਰ ਚੁੱਕਾ ਹੈ। 10 ਬਿਲੀਅਨ ਤੋਂ ਵੱਧ ਡਾਲਰ ਬੱਚੇ ਪਬਜੀ ਗੇਮ ’ਤੇ ਲਗਾ ਰਹੇ ਹਨ। ਮੋਹਾਲੀ ਵਿਚ ਬੱਚਿਆਂ ਵੱਲੋਂ ਉਡਾਈ ਰਕਮ ਵੱਡੀ ਹੋਣ ਕਰਕੇ ਸਾਹਮਣੇ ਆ ਗਈ, ਨਹੀਂ ਤਾਂ ਛੋਟੀਆਂ ਰਕਮਾਂ ਦੇ ਮਾਮਲੇ ਤਾਂ ਸਾਹਮਣੇ ਵੀ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਗੇਮ ਬੈਨ ਕਰਨੀ ਚਾਹੀਦੀ ਹੈ, ਨਹਾਂ ਤਾਂ ਭਵਿੱਖ ਵਿਚ ਇਸ ਦੇ ਖਤਰਨਾਕ ਨਤੀਜੇ ਸਾਹਮਣੇ ਆ ਸਕਦੇ ਹਨ।