Cycling on the highway : ਜਲੰਧਰ : ਟ੍ਰੈਫਿਕ ਪੁਲਿਸ ਵੱਲੋਂ ਹਾਈਵੇ ‘ਤੇ ਸਾਈਕਲਿੰਗ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹਾਲਂਕਿ ਇਸ ਬਾਰੇ ਅਧਿਕਾਰਕ ਤੌਰ ‘ਤੇ ਕੋਈ ਹੁਕਮ ਨਹੀਂ ਦਿੱਤੇ ਗਏ ਹਨ ਪਰ ਫੀਲਡ ਵਿਚ ਤਾਇਨਾਤ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੂੰ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਕਿਸੇ ਨੂੰ ਵੀ ਹਾਈਵੇ ‘ਤੇ ਸਾਈਕਲਿੰਗ ਨਾ ਕਰਨ ਦਿੱਤੀ ਜਾਵੇ। ਦੱਸਣਯੋਗ ਹੈ ਕਿ ਇਹ ਪਟਿਆਲਾ ਵਿਚ ਹਾਈਵੇ ‘ਤੇ ਸਾਈਕਲ ਚਲਾ ਰਹੇ ਦੋ ਲੋਕਾਂ ਨੂੰ ਕਾਰ ਨਾਲ ਕੁਚਲਣ ਦੀ ਘਟਨਾ ਤੋਂ ਬਾਅਦ ਹੁਣ ਸ਼ਹਿਰੀ ਟ੍ਰੈਫਿਕ ਪੁਲਿਸ ਕਾਫੀ ਚੌਕਸ ਹੋ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡੀਸੀਪੀ ਟ੍ਰੈਫਿਕ ਨਰੇਸ਼ ਡੋਗਰਾ ਨੇ ਦੱਸਿਆ ਕਿ ਸਾਈਕਲ ‘ਤੇ ਕੋਈ ਰਿਫਲੈਕਟਰਸ ਜਾਂ ਦੂਸਰੀ ਤਰ੍ਹਾਂ ਦੀ ਲਾਈਟ ਨਹੀਂ ਹੁੰਦੀ, ਜਿਸ ਨਾਲ ਹਾਦਸੇ ਦਾ ਖਤਰਾ ਰਹਿੰਦਾ ਹੈ। ਇਸ ਕਾਰਨ ਲੋਕਾਂ ਨੂੰ ਅਪੀਲ ਹੈ ਕਿ ਉਹ ਹਾਈਵੇ ‘ਤੇ ਸਾਈਕਲਿੰਗ ਕਰਨ ਨਾ ਜਾਣ। ਉਨ੍ਹਾਂ ਕਿਹਾ ਕਿ ਸਾਈਕਲਿੰਗ ਕ ਰਨ ਜਾਣ ਵਾਲਿਆਂ ਨੂੰ ਜਾਗਰੂਕ ਕਰਕੇ ਰੋਕਿਆ ਵੀ ਜਾਵੇਗੀ।
ਜ਼ਿਕਰਯੋਗ ਹੈ ਕਿ ਕੋਰੋਨਾ ਕਾਰਨ ਪਿਛਲੇ ਚਾਰ ਮਹੀਨਿਆਂ ਤੋਂ ਜਿਮ ਤੇ ਯੋਗਾ ਸੰਸਥਾਵਾਂ ਆਦਿ ਬੰਦ ਹਨ, ਜਿਸ ਕਾਰਨ ਲੋਕ ਆਪਣੇ ਸਰੀਰ ਨੂੰ ਤੰਦਰੁਸਤ ਕਰਨ ਲਈ ਸਾਈਕਲਿੰਗ ਕਰਨ ਲੱਗੇ ਹਨ। ਸ਼ਹਿਰ ਵਿਚ ਕੁਝ ਸਮੇਂ ਤੋਂ ਸਾਈਕਲਿੰਗ ਦੀ ਕਾਫੀ ਡਿਮਾਂਡ ਹੋ ਗਈ ਹੈ ਅਤੇ ਕੁਝ ਦਿਨ ਤੋਂ ਸੂਬੇ ਦੇ ਲੋਕਾਂ ਵਿਚ ਸਾਈਕਲਿੰਗ ਕਰਨ ਦਾ ਵੱਖਰਾ ਹੀ ਜਨੂਨ ਪੈਦਾ ਹੋ ਗਿਆ ਹੈ। ਸ਼ਹਿਰ ਵਿਚ ਸਵੇਰੇ-ਸਵੇਰੇ ਹਾਈਵੇ ‘ਤੇ ਅਕਸਰ ਲੋਕ ਸਾਈਕਲਿੰਗ ਕਰਦੇ ਹੋਏ ਦੇਖੇ ਜਾ ਸਕਦੇ ਹਨ।