Cyclone Amphan: ਕੋਲਕਾਤਾ: ਚੱਕਰਵਾਤੀ ਤੂਫਾਨ ਅਮਫਾਨ ਨੇ ਉੜੀਸਾ ਅਤੇ ਪੱਛਮੀ ਬੰਗਾਲ ਵਿੱਚ ਤਬਾਹੀ ਮਚਾਈ ਹੋਈ ਹੈ। ਇਸ ਤੂਫ਼ਾਨ ਕਾਰਨ ਦੋਨੋ ਰਾਜਾਂ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ। ਤੂਫਾਨ ਨਾਲ ਉੱਤਰ ਅਤੇ ਦੱਖਣੀ 24 ਪਰਗਨਾ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ । ਕਈ ਇਲਾਕਿਆਂ ਨਾਲ ਸੰਪਰਕ ਟੁੱਟ ਗਿਆ ਹੈ। ਮੁੱਢਲੀ ਰਿਪੋਰਟ ਦੇ ਅਨੁਸਾਰ ਕਈ ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਜਦੋਂ ਕਿ ਪੂਰੀ ਰਿਪੋਰਟ ਆਉਣ ਵਿੱਚ 3-4 ਦਿਨ ਦਾ ਸਮਾਂ ਲੱਗੇਗਾ। ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿੱਚ ਅਮਫਾਨ ਚੱਕਰਵਾਤ ਕਾਰਨ 5500 ਘਰਾਂ ਨੂੰ ਨੁਕਸਾਨ ਹੋਇਆ ਹੈ ।
ਅਮਫਾਨ ਤੂਫਾਨ ਨੇ ਕੁਝ ਹੀ ਘੰਟਿਆਂ ਵਿੱਚ ਉੜੀਸਾ ਅਤੇ ਬੰਗਾਲ ਦੇ ਲੋਕਾਂ ਨੂੰ ਕਿਆਮਤ ਦੀ ਝਲਕ ਦਿਖਾ ਦਿੱਤੀ। ਜਦੋਂ ਤੂਫਾਨ ਦੀ ਰਫਤਾਰ ਘੱਟ ਗਈ ਤਾਂ ਉਦੋਂ ਤੱਕ ਕੋਲਕਾਤਾ ਵਿੱਚ ਸਭ ਕੁਝ ਉਲਟਾ ਹੋ ਗਿਆ ਸੀ। ਸ਼ਹਿਰ ਵਿੱਚ ਚਾਰੋਂ ਪਾਸੇ ਹੜ੍ਹ ਆ ਗਿਆ ਸੀ । ਵਾਹਨ ਕਿਸ਼ਤੀਆਂ ਵਾਂਗ ਤੈਰ ਰਹੇ ਸਨ । ਰੁੱਖ ਸੜਕਾਂ ‘ਤੇ ਉਖੜੇ ਪਏ ਸਨ । ਤਬਾਹੀ ਦੇ ਲੰਘਣ ਤੋਂ ਬਾਅਦ ਬੰਗਾਲ ਵਿੱਚ ਬਹੁਤ ਸਾਰੇ ਸਥਾਨਾਂ ‘ਤੇ ਤਬਾਹੀ ਦੇ ਦ੍ਰਿਸ਼ ਹਨ। ਰਾਹਤ ਟੀਮਾਂ ਸੜਕਾਂ ਤੋਂ ਟੁੱਟੇ ਰੁੱਖਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਕੰਮ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ ।
ਉਥੇ ਹੀ ਦੂਜੇ ਪਾਸੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਜ਼ਿਆਦਾ ਨੁਕਸਾਨ ਇਸ ਤੂਫਾਨ ਨੇ ਪਹੁੰਚਾਇਆ ਹੈ । ਉਨ੍ਹਾਂ ਕਿਹਾ ਕਿ ਇਸ ਤੂਫ਼ਾਨ ਵਿੱਚ ਕਾਫ਼ੀ ਕੁੱਝ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ ।ਸੈਂਕੜੇ-ਕਰੋੜਾਂ ਰੁਪਿਆਂ ਦਾ ਨੁਕਸਾਨ ਹੋਇਆ ਹੈ । ਕੋਲਕਾਤਾ ਤਾਂ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ । ਅਜਿਹਾ ਤੂਫਾਨ 280 ਸਾਲ ਪਹਿਲਾਂ ਆਇਆ ਸੀ । ਉਨ੍ਹਾਂ ਕਿਹਾ ਕਿ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਉਹ ਇਸ ਨੂੰ ਸਿਆਸਤ ਦੀ ਨਜ਼ਰ ਨਾਲ ਨਾ ਦੇਖਣ । ਸਾਨੂੰ ਮਦਦ ਦੀ ਜ਼ਰੂਰਤ ਹੈ।