cyclone amphan pm modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੱਕਰਵਾਤ ‘ਅਮਫਨ’ ਪ੍ਰਭਾਵਿਤ ਉੜੀਸਾ ਅਤੇ ਪੱਛਮੀ ਬੰਗਾਲ ਦਾ ਹਵਾਈ ਦੌਰਾ ਕਰਨਗੇ। ਦੋਵਾਂ ਰਾਜਾਂ ਵਿੱਚ ਤੂਫਾਨ ਕਾਰਨ ਵੱਡਾ ਘਾਟਾ ਹੋਇਆ ਹੈ। ਪੱਛਮੀ ਬੰਗਾਲ ਵਿੱਚ 72 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਥਿੱਤੀ ਦਾ ਜਾਇਜ਼ਾ ਲੈਣ ਦੀ ਅਪੀਲ ਕਰਨਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਸੀ ਕਿ ਚੱਕਰਵਾਤ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਪੱਛਮੀ ਬੰਗਾਲ ਵਿੱਚ ਆਏ ਇਸ ਗੰਭੀਰ ਚੱਕਰਵਾਤੀ ਤੂਫਾਨ ਨੇ ਕੱਚੇ ਮਕਾਨਾਂ ਨੂੰ ਤਾਸ਼ ਦੇ ਪੱਤਿਆਂ ਵਾਂਗ ਉਡਾਇਆ ਹੈ, ਫਸਲਾਂ ਤਬਾਹ ਕਰ ਦਿੱਤੀਆਂ ਹਨ ਅਤੇ ਦਰੱਖਤ ਤੇ ਬਿਜਲੀ ਦੇ ਖੰਭੇ ਵੀ ਸੁੱਟ ਦਿੱਤੇ ਹਨ। ਇਸ ਨਾਲ ਉੜੀਸਾ ਵਿੱਚ ਵੀ ਭਾਰੀ ਤਬਾਹੀ ਮੱਚ ਗਈ ਹੈ, ਜਿਥੇ ਤੱਟਵਰਤੀ ਜ਼ਿਲ੍ਹਿਆਂ ਵਿੱਚ ਬਿਜਲੀ ਅਤੇ ਦੂਰ ਸੰਚਾਰ ਬੁਨਿਆਦੀ ਢਾਂਚਾ ਨਸ਼ਟ ਹੋ ਗਿਆ ਹੈ। ਉੜੀਸਾ ਦੇ ਅਧਿਕਾਰੀਆਂ ਦੇ ਮੁਲਾਂਕਣ ਦੇ ਅਨੁਸਾਰ, ਲੱਗਭਗ 44.8 ਲੱਖ ਲੋਕ ਚੱਕਰਵਾਤ ਤੋਂ ਪ੍ਰਭਾਵਿਤ ਹੋਏ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, “ਸਾਨੂੰ ਹੁਣ ਤੱਕ ਪ੍ਰਾਪਤ ਹੋਈਆਂ ਖ਼ਬਰਾਂ ਅਨੁਸਾਰ ਚੱਕਰਵਾਤ‘ ਅਮਫਨ’ ਕਾਰਨ 72 ਲੋਕਾਂ ਦੀ ਮੌਤ ਹੋ ਗਈ ਹੈ। ਦੋ ਜ਼ਿਲ੍ਹੇ- ਉੱਤਰੀ ਅਤੇ ਦੱਖਣੀ 24 ਪਰਗਣਾ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਸਾਨੂੰ ਉਨ੍ਹਾਂ ਜ਼ਿਲ੍ਹਿਆਂ ਦਾ ਮੁੜ ਨਿਰਮਾਣ ਕਰਨਾ ਹੋਵੇਗਾ। ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਾਂਗੀ ਕਿ ਉਹ ਰਾਜ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ।”
ਉਨ੍ਹਾਂ ਨੇ ਕਿਹਾ, “ਮੈਂ ਬਹੁਤ ਜਲਦੀ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਾਂਗੀ। ਬਹਾਲੀ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ। ਉੱਤਰੀ ਅਤੇ ਦੱਖਣੀ 24 ਪਰਗਨਾ, ਕੋਲਕਾਤਾ ਦੇ ਇੱਕ ਵੱਡਾ ਹਿੱਸੇ ਵਿੱਚ ਪਿੱਛਲੀ ਸ਼ਾਮ ਤੋਂ ਬਿਜਲੀ ਵੀ ਗੁਲ ਹੈ। ਇੱਥੋਂ ਤੱਕ ਕਿ ਟੈਲੀਫੋਨ ਅਤੇ ਮੋਬਾਈਲ ਫੋਨ ਸੇਵਾਵਾਂ ਵੀ ਠੱਪ ਹਨ।” ਬੈਨਰਜੀ ਨੇ ਕਿਹਾ, “ਮੈਂ ਆਪਣੀ ਜ਼ਿੰਦਗੀ ਵਿੱਚ ਇੰਨਾ ਗੰਭੀਰ ਚੱਕਰਵਾਤ ਅਤੇ ਨੁਕਸਾਨ ਕਦੇ ਨਹੀਂ ਵੇਖਿਆ।” ਉੱਤਰੀ ਅਤੇ ਦੱਖਣੀ 24 ਪਰਗਾਨਾਂ ਤੋਂ ਇਲਾਵਾ ਕੋਲਕਾਤਾ, ਪੂਰਬੀ ਮਿਦਨਾਪੁਰ ਅਤੇ ਹਾਵੜਾ ਜ਼ਿਲ੍ਹੇ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਜਿਥੇ ਕਈ ਥਾਵਾਂ ‘ਤੇ ਇਮਾਰਤਾਂ ਢਹਿ ਗਈਆਂ ਹਨ।