DC hands over Rs 1 lakh : ਜਲੰਧਰ : ਲੁਟੇਰਿਆਂ ਦਾ ਸਾਹਮਣਾ ਕਰਨ ਵਾਲੀ ਬਹਾਦੁਰ 15 ਸਾਲਾ ਕੁਸੁਮ ਨੂੰ ਵੀਰਵਾਰ ਨੂੰ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਉਸ ਦੀ ਬਹਾਦਰੀ ਲਈ ਇੱਕ ਲੱਖ ਰੁਪਏ ਦਾ ਚੈੱਕ ਸੌਂਪਿਆ। ਇਸ ਦੇ ਨਾਲ ਹੀ ਡੀਸੀ ਵੱਲੋਂ ਕੁਸੁਮ ਨੂੰ ’ਬੇਟੀ ਬਚਾਓ, ਬੇਟੀ ਪੜ੍ਹਾਓ’ ਪ੍ਰੋਗਰਾਮ ਦੀ ਬ੍ਰਾਂਡ ਅੰਬੈਂਸਡਰ ਵਜੋਂ ਵੀ ਚੁਣਿਆ ਗਿਆ ਹੈ ਤਾਂਜੋ ਹੋਰਨਾਂ ਲੜਕੀਆਂ ਨੂੰ ਪ੍ਰੇਰਿਤ ਕੀਤਾ ਜਾ ਸਕੇ।
ਦੱਸਣਯੋਗ ਹੈ ਕਿ ਬੀਤੀ 30 ਅਗਸਤ ਨੂੰ ਟਿਊਸ਼ਨ ਪੜ੍ਹ ਕੇ ਆਉਂਦੇ ਸਮੇਂ ਕੁਸੁਮ ਤੋਂ ਦੋ ਲੁਟੇਰਿਆਂ ਨੇ ਦੀਨ ਦਿਆਲ ਉਪਾਧਿਆਏ ਨਗਰ ਵਿੱਚ ਮੋਬਾਈਲ ਫੋਨ ਖੋਹ ਲਿਆ ਸੀ। ਇਸ ਦੌਰਾਨ ਬਹਾਦਰੀ ਦਿਖਾਉਂਦੇ ਹੋਏ ਕੁਸੁਮ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਅਤੇ ਮੋਟਰਸਾਈਕਲ ’ਤੇ ਪਿੱਛੇ ਬੈਠੇ ਲੁਟੇਰੇ ਨੂੰ ਫੜ ਕੇ ਜ਼ਮੀਨ ’ਤੇ ਖਿੱਚ ਲਿਆ। ਇਹ ਦੇਖ ਕੇ ਲੁਟੇਰਾ ਘਬਰਾ ਗਿਆ ਅਤੇ ਉਸ ਤੋਂ ਆਪਣੇ ਆਪ ਨੂੰ ਛੁਡਵਾਉਣ ਲਈ ਉਸ ਦੀ ਗਰਦਨ ’ਤੇ ਵਾਰ ਕਰ ਦਿੱਤਾ, ਜੋਕਿ ਕੁਸੁਮ ਦੇ ਹੱਥ ’ਤੇ ਲੱਗੀ। ਜ਼ਖਮੀ ਹੋਣ ਦੇ ਬਾਵਜੂਤ ਕੁਸੁਮ ਨੇ ਮੋਬਾਈਲ ਫੋਨ ਅਤੇ ਬਦਮਾਸ਼ ਦੋਹਾਂ ਵਿੱਚੋਂ ਕਿਸੇ ਨੂੰ ਨਹੀਂ ਛੱਡਿਆ।
ਇੰਨੇ ਵਿੱਚ ਆਲੇ-ਦੁਆਲੇ ਦੇ ਲੋਕ ਉਥੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਤੁਰੰਤ ਉਸ ਲੁਟੇਰੇ ਨੂੰ ਫੜ ਲਿਆ ਅਤੇ ਬਾਅਦ ਵਿੱਚ ਪੁਲਿਸ ਦੇ ਹਵਾਲੇ ਕਰ ਦਿੱਤਾ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ। ਕੁਸੁਮ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ। ਇਸ ਦੌਰਾਨ ਕੁਸੁਮ ਦੀ ਬਾਂਹ ਜ਼ਖਮੀ ਹੋ ਗਈ ਸੀ, ਜਿਸ ’ਤੇ ਨੂੰ ਜੋਸ਼ੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹੁਣ ਕੁਸੁਮ ਠੀਕ ਹੋ ਕੇ ਆਪਣੇ ਘਰ ਪਰਤ ਚੁੱਕੀ ਹੈ। ਪੁਲਿਸ ਨੇ ਦੋਹਾਂ ਦੋਸ਼ੀਆਂ ਨੂੰ ਵੀ ਫੜ ਲਿਆ ਹੈ।