Death of a young man : ਬੁਢਲਾਡਾ ਸ਼ਹਿਰ ਵਿੱਚ ਚਾਇਨਾ ਡੋਰ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ। ਸ਼ੁੱਕਰਵਾਰ ਦੁਪਹਿਰ ਨੂੰ ਨੌਜਵਾਨ ਮੋਟਰਸਾਈਕਲ ਸਵਾਰ ਸਬਜ਼ੀ ਵੇਚਣ ਵਾਲੇ ਦੇ ਗਲੇ ਵਿਚ ਡੋਰ ਪੈਣ ਨਾਲ ਉਸ ਦਾ ਗਲਾ ਵੱਢਿਆ ਗਿਆ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਜਗਤਾਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਜਾਣਕਾਰੀ ਅਨੁਸਾਰ ਇਹ ਨੌਜਵਾਨ ਸ਼ਹਿਰ ਵਿੱਚ ਮੋਟਰਸਾਈਕਲ ’ਤੇ ਸਬਜ਼ੀਆਂ ਲੈ ਕੇ ਪਿੰਡ ਪਰਤ ਰਿਹਾ ਸੀ। ਜਦੋਂ ਉਹ ਬੁਢਲਾਡਾ ਕਸਬੇ ਦੇ ਓਵਰਬ੍ਰਿਜ ਤੋਂ ਲੰਘ ਰਿਹਾ ਸੀ ਤਾਂ ਡੋਰ ਉਸ ਦੇ ਗਲੇ ਵਿਚ ਫਸੀ, ਜਿਸ ਨਾਲ ਉਸ ਦਾ ਗਲਾ ਵੱਢਿਆ ਗਿਆ।
ਪਿੰਡ ਬਰ੍ਹੇ ਦਾ ਰਹਿਣ ਵਾਲਾ 28 ਸਾਲਾ ਜਗਤਾਰ ਸਿੰਘ ਪਿੰਡ ਵਿਚ ਹੀ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਉਹ ਬੁਢਲਾਡਾ ਸਬਜ਼ੀ ਲੈਣ ਆਇਆ ਸੀ ਅਤੇ ਦੁਪਹਿਰ ਨੂੰ ਵਾਪਸ ਪਿੰਡ ਆ ਰਿਹਾ ਸੀ। ਓਵਰਬ੍ਰਿਜ ਵਿਚੋਂ ਲੰਘਦਿਆਂ ਉਸ ਦੇ ਗਲੇ ਵਿਚ ਪਲਾਸਟਿਕ ਦੀ ਡੋਰ ਲਪੇਟੀ ਗਈ ਸੀ, ਜਿਸ ਨਾਲ ਉਸ ਦਾ ਗਲਾ ਵੱਢਿਆ ਗਿਆ ਅਤੇ ਮੋਟਰਸਾਈਕਲ ਤੋਂ ਡਿੱਗਦਿਆਂ ਹੀ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਜਗਤਾਰ ਸਿੰਘ ਦੇ ਨਾਲ ਮੋਟਰਸਾਈਕਲ ਸਵਾਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਪਲਾਸਟਿਕ ਡੋਰ ਕਾਰਨ ਜਗਤਾਰ ਸਿੰਘ ਦਾ ਗਲਾ ਕੁਝ ਪਲਾਂ ਵਿੱਚ ਵੱਢਿਆ ਗਿਆ ਸੀ। ਥਾਣਾ ਬੁਢਲਾਡਾ ਦੇ ਇੰਚਾਰਜ ਸੁਰਜਨ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਪਲਾਸਟਿਕ ਡੋਰ ਦੇ ਗਲੇ ਵਿਚ ਫਸ ਜਾਣ ਕਾਰਨ ਹੋਇਆ ਹੈ। ਪੁਲਿਸ ਨੇ ਡੋਰ ਕਬਜ਼ੇ ਵਿੱਚ ਲੈ ਲਈ ਹੈ, ਜਾਂਚ ਕੀਤੀ ਜਾ ਰਹੀ ਹੈ।