Death of SGPC Member : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅੰਮ੍ਰਿਤਸਰ) ਦੇ ਮੈਂਬਰ ਗੁਰਤੇਜ ਸਿੰਘ ਢੱਡੇ ਦੇ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਜਥੇਦਾਰ ਗੁਰਤੇਜ ਸਿੰਘ ਢੱਡੇ ਅੱਜ ਸਵੇਰੇ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਲੀਨ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਜਥੇਦਾਰ ਢੱਡੇ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਤੇ ਬੀਤੇ ਦਿਨੀਂ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਅੱਜ ਸਵੇਰੇ ਉਹ ਅਕਾਲ ਚਲਾਣਾ ਕਰ ਗਏ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਥੇਦਾਰ ਜੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਸ. ਢੱਡੇ ਧਾਰਮਿਕ ਖੇਤਰ ‘ਚ ਲੰਮੇ ਅਰਸੇ ਤੋਂ ਕਾਰਜਸ਼ੀਲ ਸਨ ਅਤੇ ਪੰਥਕ ਰਵਾਇਤਾਂ ਅਤੇ ਸਿਧਾਂਤਾਂ ਦੀ ਪਹਿਰੇਦਾਰੀ ਕਰਨ ਵਾਲੀ ਸ਼ਖ਼ਸੀਅਤ ਸਨ। ਬੀਬੀ ਜਗੀਰ ਨੇ ਅਕਾਲ ਪੁਰਖ ਅੱਗੇ ਵਿੱਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ ਦੀ ਅਰਦਾਸ ਕੀਤੀ। ਜਥੇਦਾਰ ਢੱਡੇ ਦਾ ਅੰਤਿਮ ਸੰਸਕਾਰ 11 ਮਾਰਚ ਨੂੰ ਸਵੇਰੇ 10 ਵਜੇ ਪਿੰਡ ਢੱਡੇ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੇ ਦਿਹਾਂਤ ‘ਤੇ ਕਈ ਧਾਰਮਿਕ ਤੇ ਸਿਆਸੀ ਆਗੂਆਂ ਨੇ ਸੋਗ ਪ੍ਰਗਟ ਕੀਤਾ। ਜ਼ਿਕਰਯੋਗ ਹੈ ਕਿ ਗੁਰਤੇਜ ਸਿੰਘ ਢੱਡੇ ਬਠਿੰਡਾ ਜ਼ਿਲ੍ਹੇ ਦੇ ਹਲਕਾ ਮੌੜ ਮੰਡੀ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਸਨ। ਉਹ ਅੰਤ੍ਰਿੰਗ ਕਮੇਟੀ ਦੇ ਮੈਂਬਰ ਵੀ ਰਹੇ।