Deaths of Four Farmers : ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿੱਛਲੇ ਕੁੱਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ ਪਾਸ ਡੇਰਾ ਲਾਇਆ ਹੋਇਆ ਹੈ। ਖੇਤੀਬਾੜੀ ਕਾਨੂੰਨ ਦੇ ਵਿਰੁੱਧ ਸੜਕਾਂ ‘ਤੇ ਉੱਤਰੇ ਕਿਸਾਨ ਹੁਣ ਪਿੱਛੇ ਹੱਟਣ ਦਾ ਨਾਮ ਨਹੀਂ ਲੈ ਰਹੇ ਅਤੇ ਉਹ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਕਿਸਾਨਾਂ ਦਾ ਸੰਘਰਸ਼ ਲੰਬੇ ਸਮੇਂ ਤੋਂ ਜਾਰੀ ਹੈ। ਇਸ ਸੰਘਰਸ਼ ਦੌਰਾਨ ਕਈ ਕਿਸਾਨਾਂ ਨੇ ਆਪਣੀਆਂ ਜਾਨਾਂ ਵੀ ਗਵਾਈਆਂ ਹਨ। ਠੰਡ ਦੇ ਮੌਸਮ ਵਿੱਚ ਵੀ ਅੰਦੋਲਨਕਾਰੀ ਕਿਸਾਨ ਦਿੱਲੀ ਸਰਹੱਦ ‘ਤੇ ਡਟੇ ਹੋਏ ਹਨ। ਦਿੱਲੀ ਬਾਰਡਰ ‘ਤੇ ਧਰਨੇ ਦੌਰਾਨ ਚਾਰ ਹੋਰ ਕਿਸਾਨਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ, ਜੋਕਿ ਗੁਰਮੇਲ ਕੌਰ ਚਾਰਪੱਟੀ ਘਰਾਚੋਂ ਦੀ ਰਹਿਣ ਵਾਲੀ ਸੀ।
ਦੱਸਣਯੋਗ ਹੈ ਕਿ ਕੈਥਲ ਦੇ ਰਹਿਣ ਵਾਲੇ ਇੱਕ ਕਿਸਾਨ ਜਸਪ੍ਰੀਤ ਸਿੰਘ ਵੀ ਕਿਸਾਨ ਅੰਦੋਲਨ ‘ਚ ਆਪਣਾ ਸਮਰਥਣ ਦੇਣ ਲਈ ਦਿੱਲੀ ਜਾ ਰਿਹਾ ਸੀ। ਉਸ ਦੇ ਨਾਲ ਉਸ ਦੇ ਦੋ ਸਾਥੀ ਵੀ ਸਨ। ਉਹ ਉਥੇ ਖਾਣੇ ਦੀ ਸੇਵਾ ਲੈ ਕੇ ਜਿਹਾ ਰਿਹਾ ਸੀ। ਰਾਹ ਵਿੱਚ ਉਸ ਦੀ ਗੱਡੀ ਨਹਿਰ ਵਿੱਚ ਡਿੱਗ ਗਈ, ਜਿਸ ‘ਤੇ ਉਸ ਦੇ ਦੋ ਸਾਥੀ ਤਾਂ ਗੱਡੀ ਵਿੱਚੋਂ ਨਿਕਲਣ ਵਿੱਚ ਸਫਲ ਹੋ ਗਏ ਪਰ ਉਸ ਦਾ ਕੋਈ ਪਤਾ ਨਹੀਂ ਲੱਗਿਆ। ਹਾਲਾਂਕਿ ਪ੍ਰਸ਼ਾਸਨ ਨੇ ਅਜੇ ਤੱਕ ਉਸ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ। ਇਸ ਤੋਂ ਇਲਾਵਾ 32 ਸਾਲਾ ਅਜੇ ਜੋਕਿ ਸੋਨੀਪਤ ਦਾ ਰਹਿਣ ਵਾਲਾ ਸੀ। ਉਹ ਰਾਤ ਨੂੰ ਰੋਟੀ ਖਾ ਕੇ ਸੁੱਤਾ ਸੀ ਪਰ ਉਠਿਆ ਹੀ ਨਹੀਂ ਦਿੱਲੀ ਕੂਚ ਦੌਰਾਨ ਕਿਸਾਨਾਂ ਨਾਲ ਇਥੇ ਪਹੁੰਚਿਆ ਸੀ। ਉਥੇ ਹੀ ਤੀਸਪੀ ਮੌਤ ਮੋਗਾ ਦੇ ਮੇਵਾ ਸਿੰਘ ਦੀ ਹੋਈ ਹੈ, ਜੋਕਿ ਪਿਛਲੇ 10 ਦਿਨਾਂ ਤੋਂ ਕਿਸਾਨ ਅੰਦੋਲਨ ਵਿੱਚ ਨਾਲ ਸੀ ਅਤੇ ਪੂਰੇ ਜੋਸ਼ ਨਾਲ ਸਾਰੇ ਪ੍ਰਬੰਧਾਂ ਵਿੱਚ ਸੇਵਾ ਕਰ ਰਿਹਾ ਸੀ। ਉਸ ਦੀ ਉਮਰ 48 ਸਾਲ ਸੀ। ਉਸ ਦੀ ਮੌਤ ਦਾ ਕਾਰਨ ਕਾਰਡੀਐਕ ਅਰੈਸਟ ਦੱਸਿਆ ਜਾ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਤਿੰਨ ਖੇਤੀਬਾੜੀ ਕਾਨੂੰਨਾਂ ਸਮੇਤ ਕਈ ਮੰਗਾਂ ਕਾਰਨ ਕਿਸਾਨ ਪਿੱਛਲੇ 12 ਦਿਨਾਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਡਟੇ ਹੋਏ ਹਨ। ਹਜ਼ਾਰਾਂ ਕਿਸਾਨ ਆਪਣੇ ਟਰੈਕਟਰਾਂ ਟਰਾਲੀਆਂ ਵਿੱਚ ਰਾਤ ਕੱਟ ਰਹੇ ਹਨ। ਠੰਡੇ ਮੌਸਮ ਦੌਰਾਨ ਵੀ ਕਿਸਾਨਾਂ ਦਾ ਹੌਂਸਲਾ ਬੁਲੰਦ ਹੈ। ਸਿੰਘੂ, ਟਕਰੀ, ਗਾਜੀਪੁਰ ਅਤੇ ਚਿੱਲਾ ਸਰਹੱਦਾਂ ‘ਤੇ ਕਿਸਾਨਾਂ ਦਾ ਇਕੱਠ ਹੋ ਰਿਹਾ ਹੈ, ਜਿਨ੍ਹਾਂ ਨੂੰ ਵਿਰੋਧੀ ਧਿਰ ਦਾ ਸਮਰਥਨ ਵੀ ਮਿਲ ਰਿਹਾ ਹੈ। ਇਨ੍ਹਾਂ ਦਿਨਾਂ ਵਿੱਚ ਕਈ ਕਿਸਾਨ ਇਸ ਅੰਦੋਲਨ ਵਿੱਚ ਕੁਰਬਾਨੀਆਂ ਦੇ ਚੁੱਕੇ ਹਨ ਪਰ ਕਿਸਾਨਾਂ ਦਾ ਇੱਕੋ ਹੀ ਨਾਅਰਾ ਹੈ ਕਿ ਉਹ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾ ਕੇ ਵਾਪਿਸ ਪਰਤਨਗੇ।