Delhi metro resume service: ਨਵੀਂ ਦਿੱਲੀ: ਦਿੱਲੀ ਤੋਂ 15 ਜੋੜੀ ਵਿਸ਼ੇਸ਼ ਟਰੇਨਾਂ ਦੇ ਸ਼ੁਰੂ ਹੋਣ ਤੋਂ ਬਾਅਦ ਹੁਣ ਦਿੱਲੀ ਮੈਟਰੋ ਦੀਆਂ ਸੇਵਾਵਾਂ ਵੀ ਜਲਦ ਸ਼ੁਰੂ ਹੋ ਸਕਦੀਆਂ ਹਨ । ਇਸ ਸਬੰਧੀ ਦਿੱਲੀ ਮੈਟਰੋ ਵੱਲੋਂ ਸੰਕੇਤ ਦਿੱਤੇ ਗਏ ਹਨ । ਦਰਅਸਲ, ਦਿੱਲੀ ਮੈਟਰੋ ਵੱਲੋਂ ਇੱਕ ਟਵੀਟ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਹੈ ਕਿ ਮੈਟਰੋ ਸਟੇਸ਼ਨਾਂ ਵਿੱਚ ਵਿਸ਼ੇਸ਼ ਰੂਪ ਨਾਲ ਸਿੱਖਿਅਤ ਹਾਉਸਕੀਪਿੰਗ ਸਟਾਫ ਰੱਖੇ ਗਏ ਹਨ ਜੋ ਪੈਸੇਂਜਰ ਮੂਵਮੈਂਟ ਏਰੀਆ ਨੂੰ ਸਾਫ਼ ਕਰਨਗੇ । DMRC ਅਨੁਸਾਰ ਮੈਟਰੋ ਦੀਆਂ ਸੇਵਾਵਾਂ ਸ਼ੁਰੂ ਹੋਣ ‘ਤੇ ਸੁਰੱਖਿਅਤ ਮੂਵਮੈਂਟ ਲਈ ਮੈਟਰੋ ਪਰਿਸਰ ਵਿੱਚ ਮੌਜੂਦ ਮਸ਼ੀਨਾਂ ਜਿਵੇਂ ਏ.ਐਫ.ਸੀ. ਗੇਟ, ਲਿਫਟ, ਐਸਕਲੇਟਰਸ ਆਦਿ ਦੀ ਸਫਾਈ ਲਈ ਵੀ ਵਿਸ਼ੇਸ਼ ਸਟਾਫ ਨਿਯੁਕਤ ਕੀਤੇ ਗਏ ਹਨ ।
ਦੱਸ ਦੇਈਏ ਕਿ ਦਿੱਲੀ ਵਿੱਚ 22 ਮਾਰਚ ਤੋਂ ਹੀ ਮੈਟਰੋ ਸੇਵਾਵਾਂ ਬੰਦ ਹਨ। 22 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਕਰਫਿਊ ਦਾ ਐਲਾਨ ਕੀਤਾ ਸੀ । ਇਸ ਦੇ ਨਾਲ ਹੀ ਮੈਟਰੋ ਸੇਵਾਵਾਂ ਦਾ ਸੰਚਾਲਨ ਵੀ ਬੰਦ ਕਰ ਦਿੱਤਾ ਸੀ । ਇਸ ਦੇ ਬਾਅਦ 25 ਮਾਰਚ ਨੂੰ ਪੀ.ਐਮ. ਮੋਦੀ ਨੇ 3 ਹਫ਼ਤੇ ਲਈ ਲਾਕਡਾਊਨ ਵਧਾ ਦਿੱਤਾ ਸੀ । ਜਿਸ ਤੋਂ ਬਾਅਦ ਹੁਣ ਤੱਕ ਦਿੱਲੀ ਮੈਟਰੋ ਪੂਰੀ ਤਰ੍ਹਾਂ ਠੱਪ ਹੈ । ਦਿੱਲੀ ਮੈਟਰੋ ਦੀ ਆੲਾਜਾਈ ਵਿਵਸਥਾ ਰਾਜਧਾਨੀ ਲਈ ਲਾਈਫਲਾਈਨ ਮੰਨੀ ਜਾਂਦੀ ਹੈ । ਹੁਣ ਜਦੋਂ ਲਾਕਡਾਊਨ ਵਿੱਚ ਹੌਲੀ-ਹੌਲੀ ਢਿੱਲ ਦਿੱਤੀ ਜਾ ਰਹੀ ਹੈ ਤਾਂ ਮੈਟਰੋ ਦੀਆਂ ਸੇਵਾਵਾਂ ਵੀ ਖੋਲ੍ਹਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ।
ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ 17 ਮਈ ਤੱਕ ਦਾ ਲਾਕਡਾਊਨ ਲਾਗੂ ਹੈ । ਹੁਣ ਦਿੱਲੀ ਮੈਟਰੋ ਮੌਜੂਦਾ ਮੁਲਾਂਕਣ ਦੇ ਅਧਾਰ ‘ਤੇ 18 ਮਈ ਲਈ ਆਪਣੀ ਤਿਆਰੀ ਕਰ ਰਹੀ ਹੈ, ਤਾਂ ਕਿ ਜੇ ਸਰਕਾਰ ਤੋਂ ਆਰਡਰ ਮਿਲ ਜਾਵੇ ਤਾਂ ਮੈਟਰੋ ਸੇਵਾ ਸ਼ੁਰੂ ਕੀਤੀ ਜਾਵੇ । ਇਸ ਲਈ ਦਿੱਲੀ ਮੈਟਰੋ ਨੇ ਸਟੇਸ਼ਨਾਂ ਦੀ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ ।