Delhi Police arrests three more : ਨਵੀਂ ਦਿੱਲੀ : ਦਿੱਲੀ ਪੁਲਿਸ ਨੇ 26 ਜਨਵਰੀ ਨੂੰ ਲਾਲ ਕਿਲ੍ਹੇ ਵਿੱਚ ਹੋਈ ਹਿੰਸਾ ਵਿੱਚ ਲੋੜੀਂਦਾ ਇੱਕ ਹੋਰ ਮੁਲਜ਼ਮ ਦਿੱਲੀ ਅਤੇ ਦੋ ਜੰਮੂ-ਕਸ਼ਮੀਰ ਤੋਂ ਗ੍ਰਿਫਤਾਰ ਕੀਤਾ ਹੈ। ਦਿੱਲੀ ਦੇ ਸਵਰੂਪ ਨਗਰ ਰਹਿਣ ਵਾਲੇ ਜਸਪ੍ਰੀਤ ਸਿੰਘ ਬਾਰੇ ਪੁਲਿਸ ਨੇ ਦੱਸਿਆ ਕਿ ਜਸਪ੍ਰੀਤ ਦਾ ਨਾਮ ਦੋਸ਼ੀ ਮਨਿੰਦਰ ਸਿੰਘ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ, ਜਿਹੜਾ ਕਿਲ੍ਹੇ ਉੱਤੇ ਤਲਵਾਰਾਂ ਲਹਿਰਾਉਂਦਾ ਦੇਖਿਆ ਗਿਆ ਸੀ। ਦਿੱਲੀ ਪੁਲਿਸ ਦੇ ਪੀਆਰਓ ਚਿਨਮਯ ਬਿਸਵਾਲ ਨੇ ਕਿਹਾ ਕਿ ਜਸਪ੍ਰੀਤ ਸਿੰਘ ਲਾਲ ਕਿਲ੍ਹੇ ’ਤੇ ਮੌਜੂਦ ਸੀ ਉਸ ਨੂੰ 20 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਉਥੇ ਹੀ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਇਕ ਕਿਸਾਨ ਆਗੂ ਸਣੇ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜੰਮੂ-ਕਸ਼ਮੀਰ ਯੂਨਾਈਟਿਡ ਕਿਸਾਨ ਫਰੰਟ ਦੇ ਪ੍ਰਧਾਨ ਮਹਿੰਦਰ ਸਿੰਘ (45) ਨੂੰ 26 ਜਨਵਰੀ ਨੂੰ ਹਿੰਸਾ ਮਾਮਲੇ ਵਿੱਚ ਜੰਮੂ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਜੰਮੂ ਤੋਂ ਗ੍ਰਿਫਤਾਰ ਕੀਤੇ ਜਾਣ ਵਾਲੇ ਦੂਸਰੇ ਵਿਅਕਤੀ ਦੀ ਪਛਾਣ ਜੰਮੂ ਦੇ 23 ਸਾਲਾ ਮਨਦੀਪ ਸਿੰਘ ਵਾਸੀ ਗੋਲੇ ਗੁਜਰਾਲ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਦੋਵਾਂ ਨੂੰ ਸੋਮਵਾਰ ਰਾਤ ਨੂੰ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਤੁਰੰਤ ਪੁੱਛਗਿੱਛ ਲਈ ਰਾਸ਼ਟਰੀ ਰਾਜਧਾਨੀ ਤਬਦੀਲ ਕਰ ਦਿੱਤਾ ਗਿਆ। ਉਨ੍ਹਾਂ ਨੂੰ ਜੰਮੂ-ਕਸ਼ਮੀਰ ਪੁਲਿਸ ਦੇ ਸਹਿਯੋਗ ਨਾਲ ਫੜਿਆ ਗਿਆ ਸੀ।
ਦੱਸਣਯੋਗ ਹੈ ਕਿ ਦਿੱਲੀ ਪੁਲਿਸ ਨੇ ਹੁਣ ਤੱਕ ਕਿਸਾਨ ਅੰਦੋਲਨ ਦੇ ਸਬੰਧ ਵਿੱਚ 149 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। 9 ਫਰਵਰੀ ਨੂੰ ਹਰਿਆਣਾ ਤੋਂ ਗ੍ਰਿਫਤਾਰ ਕੀਤੇ ਗਏ ਪੰਜਾਬੀ-ਕਾਰਕੁੰਨ ਦੀਪ ਸਿੱਧੂ ਨੂੰ ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਦਾ ਮੁੱਖ ਦੋਸ਼ੀ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹੁਸ਼ਿਆਰਪੁਰ ਤੋਂ ਇੱਕ ਕਥਾਵਾਚਕ ਇਕਬਾਲ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਇਸ ਹਿੰਸਾ ਦੇ ਇੱਕ ਹੋਰ ਦੋਸ਼ੀ ਲੱਖਾ ਸਿਧਾਨਾ ‘ਤੇ ਇੱਕ ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਹੈ ਅਤੇ ਉਸ ਨੂੰ ਲੱਭ ਰਹੀ ਹੈ।