Delhi Police raid in Ludhiana : ਲੁਧਿਆਣਾ : ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹਾ ’ਤੇ ਗੋਈ ਹਿੰਸਾ ਦੇ ਮਾਮਲੇ ਵਿੱਚ ਸ਼ਨੀਵਾਰ ਨੂੰ ਦਿੱਲੀ ਪੁਲਿਸ ਨੇ 50 ਹਜ਼ਾਰ ਰੁਪਏ ਦੇ ਇਨਾਮੀ ਦੋਸ਼ੀ ਇਕਬਾਲ ਸਿੰਘ ਨੂੰ ਫੜਨ ਲਈ ਨਿਊ ਅਸ਼ੋਕ ਨਗਰ ਸਥਿਤ ਉਸ ਦੀ ਰਿਹਾਇਸ਼ ’ਤੇ ਛਾਪਾ ਮਾਰਿਆ। ਹਾਲਾਂਕਿ ਉਨ੍ਹਾਂ ਦੇ ਹੱਥ ਉਹ ਨਹੀਂ ਲੱਗਾ। ਦੂਜੇ ਪਾਸੇ, ਲੁਧਿਆਣਾ ਪੁਲਿਸ ਨੂੰ ਦਿੱਲੀ ਪੁਲਿਸ ਦੀ ਇਸ ਕਾਰਵਾਈ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਦੱਸਿਆ ਜਾਂਦਾ ਹੈ ਕਿ ਦਿੱਲੀ ਪੁਲਿਸ ਨੇ ਘਰ ਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ। ਧਿਆਨ ਯੋਗ ਹੈ ਕਿ ਦਿੱਲੀ ਪੁਲਿਸ 26 ਜਨਵਰੀ ਨੂੰ ਲਾਲ ਕਿਲ੍ਹੇ ਉੱਤੇ ਹੋਈ ਹਿੰਸਾ ਦੇ ਮਾਮਲੇ ਵਿੱਚ ਨਿਊ ਅਸ਼ੋਕ ਨਗਰ ਦੇ ਰਹਿਣ ਵਾਲੇ ਇਕਬਾਲ ਸਿੰਘ ਨੂੰ ਮਾਸਟਰਮਾਈਂਡ ਮੰਨ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਉਸਨੇ ਭੀੜ ਨੂੰ ਭੜਕਾਉਣ ਲਈ ਕੰਮ ਕੀਤਾ ਸੀ। ਉਸ ਦੇ ਭੜਕਾਉਣ ‘ਤੇ ਹੀ ਭੀੜ ਨੇ ਜ਼ਬਰਦਸਤੀ ਲਾਲ ਕਿਲ੍ਹੇ ਦਾ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਦਾਖਲ ਹੋ ਗਈ। ਇਕਬਾਲ ਸਿੰਘ ਹਿੰਸਾ ਦੇ ਸਮੇਂ ਇੰਟਰਨੈਟ ਮੀਡੀਆ ’ਤੇ ਵੀ ਲਾਈਵ ਸੀ। ਦਿੱਲੀ ਪੁਲਿਸ ਨੇ ਐਕਟਰ ਦੀਪ ਸਿੱਧੂ ਉੱਤੇ 1 ਲੱਖ ਰੁਪਏ ਅਤੇ ਇਕਬਾਲ ਸਿੰਘ ਨੂੰ 50,000 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਇਸ ਸਬੰਧ ਵਿਚ ਸਲੇਮ ਟਾਵਰੀ ਥਾਣੇ ਦੇ ਇੰਚਾਰਜ ਗੋਪਾਲ ਕਿਸ਼ਨ ਦਾ ਕਹਿਣਾ ਹੈ ਕਿ ਉਸਨੂੰ ਦਿੱਲੀ ਪੁਲਿਸ ਦੇ ਛਾਪੇਮਾਰੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਦੱਸਣਯੋਗ ਹੈ ਕਿ ਗਣਤੰਤਰ ਦਿਵਸ ਵਾਲੇ ਦਿਨ ਹੋਈ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ 120 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਤਿਹਾੜ ਜੇਲ੍ਹ ਵਿੱਚ ਭੇਜ ਦਿੱਤਾ ਹੈ। ਇਨ੍ਹਾਂ ਵਿੱਚੋਂ 69 ਕਿਸਾਨ ਪੰਜਾਬ ਦੇ ਹੀ ਰਹਿਣ ਵਾਲੇ ਹਨ। ਕਿਸਾਨਾਂ ਵੱਲੋਂ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ।