Deputy Commissioner instructs officers: ਜਲੰਧਰ: ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਟਿੱਡੀ-ਦਲ ਪ੍ਰਤੀ ਪੂਰੀ ਤਰ੍ਹਾਂ ਚੌਕਸ ਰਿਹਾ ਜਾਵੇ ਅਤੇ ਕਿਸਾਨਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਸ ਬਾਰੇ ਜਾਗਰੂਕ ਕਰਨ ਲਈ ਪਿੰਡ ਪੱਧਰੀ ਕੈਂਪ ਲਗਾਏ ਜਾਣ। ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੀ ਜਾਗਰੂਕਤਾ ਵਰਕਸ਼ਾਪ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਟਿੱਡੀ-ਦਲ ਬਹੁਤ ਹਾਨੀਕਾਰਕ ਕੀੜੇ ਹਨ ਜੋ ਫ਼ਸਲਾਂ ਨੂੰ ਵੱਡਾ ਨੁਕਸਾਨ ਪਹੁੰਚਾਉਣੇ ਹਨ , ਇਸ ਲਈ ਜਿਸ ਖੇਤਰ ਵਿੱਚ ਇਸ ਸਬੰਧੀ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਕੀਟਨਾਸ਼ਕ ਦਾ ਛਿੜਕਾਅ ਕੀਤਾ ਜਾਵੇ। ਉਨ੍ਹਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਟਿੱਡੀ ਦਲ ਸਬੰਧੀ ਹੇਠਲੇ ਪੱਧਰ ਤੱਕ ਜਾਗਰੂਕਤਾ ਫੈਲਾਉਣ ਲਈ ਉਪ ਮੰਡਲ ਮੈਜਿਸਟਰੇਟਾਂ ਦੀ ਦੇਖ ਰੇਖ ਵਿੱਚ ਪਿੰਡਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਜਾਣ।
ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਜਿਨਾਂ ਵਿੱਚ ਬਾਗ਼ਬਾਨੀ, ਪੇਂਡੂ ਵਿਕਾਸ ਅਤੇ ਪੰਚਾਇਤ, ਬਿਜਲੀ, ਸਥਾਨਕ ਸਰਕਾਰਾਂ, ਫਾਇਰ ਬ੍ਰਿਗੇਡ, ਸਿਹਤ ਵਿਭਾਗ ਅਤੇ ਹੋਰ ਸ਼ਾਮਿਲ ਹਨ ਨੂੰ ਕਿਹਾ ਕਿ ਸੂਚਨਾ ਦਾ ਅਦਾਨ ਪ੍ਰਦਾਨ ਕਰਨ ਲਈ ਵਟਸਅਪ ਗਰੁੱਪ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਪਿੰਡਾਂ ਵਿੱਚ ਕਿਸਾਨਾਂ ਨੂੰ ਗੁਰਦੁਆਰਾ ਸਾਹਿਬ ਅਤੇ ਹੋਰ ਤਰੀਕੇ ਨਾਲ ਜਾਗਰੂਕ ਕਰਨ ਤੋਂ ਇਲਾਵਾ ਪਬਲਿਕ ਐਡਰੈਸ ਪ੍ਰਣਾਲੀ ਰਾਹੀਂ ਵੀ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਪਿੰਡਾਂ ਵਿੱਚ ਕਿਸਾਨਾਂ ਅਤੇ ਪੰਚਾਇਤ ਮੁਖੀਆਂ ਨੂੰ ਜਰੂਰ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਜੇ ਉਹ ਕੋਈ ਟਿੱਡੀ-ਦਲ ਸਬੰਧੀ ਕੀੜੇ ਦੇਖਣ ਤਾਂ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰ ਸਕਣ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਪਹਿਲਾਂ ਹੀ ਇਸ ਸਬੰਧੀ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਅਤ ਲੋੜੀਂਦੀ ਕੀਟਨਾਸ਼ਕ ਦਵਾਈ ਜਿਵੇਂ ਕਿ ਕਲੋਰੋਪਾਈਰਾਈਫੋਸ ਅਤੇ ਲੈਂਪਡਾ ਛਿਡਕਾਅ ਲਈ ਮੁਹੱਈਆ ਕਰਵਾਈ ਜਾ ਰਹੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਡਾ.ਸੁਰਿੰਦਰ ਸਿੰਘ ਨੇ ਦਸਿਆ ਕਿ ਟਿੱਡੀ-ਦਲ ਦੇ ਕੀੜੇ ਅਨੁਕੂਲ ਹਲਾਤਾਂ ਵਿੱਚ 80 ਤੋਂ 200 ਕਿਲੋਮੀਟਰ ਦਾ ਸਫ਼ਰ ਕਰ ਸਕਦੇ ਹਨ। ਇਸ ਮੌਕੇ ਡਾ.ਸੰਜੀਵ ਕਟਾਰੀਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਟਿੱਡੀ-ਦਲ ਦੇ ਜੀਵਨ ਚੱਕਰ ਬਾਰੇ ਜਾਣੂੰ ਕਰਵਾਇਆ ਗਿਆ ਅਤੇ ਦੱਸਿਆ ਕਿ ਇਹ ਕੀੜੇ ਜ਼ਮੀਨ ਵਿੱਚ 2 ਤੋਂ 10 ਸੈਂਟੀਮੀਅਰ ਵਿੱਚ ਕਰੀਬ 60 ਤੋਂ 80 ਅੰਡੇ 14 ਦਿਨਾਂ ਵਿੱਚ ਦਿੰਦੇ ਹਨ ਜੋ ਖੰਭ ਰਹਿਤ ਹੁੰਦੀਆਂ ਹਨ ਅਤੇ ਉੱਡ ਨਹੀਂ ਸਕਦੇ ਪਰ ਅਨੁਕੂਲ ਹਲਾਤਾਂ ਵਿੱਚ ਪ੍ਰਤੀ ਦਿਨ 2 ਕਿਲੋਮੀਟਰ ਜਾ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ 2 ਤੋਂ 4 ਹਫ਼ਤਿਆਂ ਵਿੱਚ ਇਨਾਂ ਦੇ ਖੰਭ ਦਿਸਣ ਲੱਗਦੇ ਹਨ ਅਤੇ ਝੁੰਡ ਦੇ ਰੂਪ ਵਿੱਚ ਦੂਜੇ ਕੀੜਿਆਂ ਵਾਂਗ ਦਿਨ ਸਮੇਂ ਉੱਡ ਸਕਦੇ ਹਨ ਅਤੇ ਸ਼ਾਮ ਤੇ ਰਾਤ ਨੂੰ ਅਰਾਮ ਕਰਦੇ ਹਨ। ਉਨ੍ਹਾਂ ਕਿਹਾ ਕਿ ਵੱਡੇ ਕੀੜੇ ਪ੍ਰਤੀ ਦਿਨ 80 ਤੋਂ 130 ਕਿਲੋਮੀਟਰ ਉੱਡ ਸਕਦੇ ਹਨ ਅਤੇ ਸਾਰੀ ਬਨਸਪਤੀ ਖਾ ਜਾਂਦੇ ਹਨ। ਡਾ.ਕਟਾਰੀਆ ਨੇ ਦੱਸਿਆ ਕਿ ਬਾਲਗ ਕੀੜਿਆਂ ਦਾ ਗੁਲਾਬੀ ਰੰਗ 45 ਦਿਨਾਂ ਤੱਕ ਰਹਿੰਦਾ ਹੈ ਅਤੇ ਇਸ ਤੋਂ ਬਾਅਦ ਪੀਲੇ ਰੰਗ ਵਿੱਚ ਬਦਲ ਜਾਂਦੇ ਹੈ ਅਤੇ ਆਪਸ ਵਿਚ ਮਿਲਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਅਤੇ ਅੰਡੇ ਦੇਣੇ ਸ਼ੁਰੂ ਕਰ ਦਿੰਦੇ ਹਨ ਅਤੇ ਫਿਰ ਇਨਾਂ ਦਾ ਜੀਵਨ ਸਰਕਲ ਸ਼ੁਰੂ ਹੋ ਜਾਂਦਾ ਹੈ। ਇਸ ਮੌਕੇ ਹੋਰਨਾਂ ਤੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਵਿਸ਼ੇਸ਼ ਸਾਰੰਗਲ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਸ੍ਰੀਮਤੀ ਅਨੁਪਮ ਕਲੇਰ, ਉਪ ਮੰਡਲ ਮੈਜਿਸਟਰੇਟ ਸ੍ਰੀ ਰਾਹੁਲ ਸਿੰਧੂ, ਸ੍ਰੀ ਜੌਤਮ ਜੈਨ, ਸ੍ਰੀ ਸੰਜੀਵ ਕੁਮਾਰ ਸ਼ਰਮਾ, ਡਾ.ਜੈ ਇੰਦਰ ਸਿੰਘ, ਸਹਾਇਕ ਕਮਿਸ਼ਨਰ ਹਰਪ੍ਰੀਤ ਸਿੰਘ, ਖੇਤੀਬਾੜੀ ਅਫ਼ਸਰ ਨਰੇਸ਼ ਗੁਲਾਟੀ ਅਤੇ ਹੋਰ ਵੀ ਹਾਜ਼ਰ ਸਨ।