ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਚ ਬਣੇ ਇਕ ਡੇਰੇ ਵਿਚ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਦੇ ਦੋਸ਼ ਵਿਚ ਡੇਰਾ ਮੁਖੀ ਸਣੇ ਦੋ ਲੋਕਾਂ ਨੂੰ ਥਾਣਾ ਨੇਹੀਆਂਵਾਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਡੇਰੇ ਦੇ ਪਾਠੀ ਦੇ ਕਮਰੇ ਵਿਚ ਸ਼ਰਾਬ ਦੀ ਬੋਤਲ ਵੀ ਮਿਲੀ ਹੈ। ਮਾਮਲਾ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਧਰਮ ਪ੍ਰਚਾਰ ਕਮੇਟੀ ਦੇ ਧਿਆ ਨਵਿਚ ਆਉਣ ਦੇ ਬਾਅਦ ਪੰਜ ਪਿਆਰਿਆਂ ਨੇ ਉਕਤ ਡੇਰੇ ਵਿਚ ਜਾ ਕੇ ਜਾਂਚ ਕੀਤੀ ਤਾਂ ਪਾਠੀ ਧਰਮ ਸਿੰਘ ਫਰਾਰ ਹੋ ਗਿਆ।
ਲੋਕਾਂ ਨੇ ਮੌਕੇ ਤੋਂ ਡੇਰੇ ਦੇ ਮੁਖੀ ਬਖਤੌਰ ਦਾਸ, ਭੋਲਾ ਦਾਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਤਿੰਨੋਂ ਮੁਲਜ਼ਮਾਂ ਖਿਲਾਫ ਪੁਲਿਸ ਨੇ ਥਾਣਾ ਨੇਹੀਆਂਵਾਲਾ ਵਿਚ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਦਾਨ ਸਿੰਘ ਵਾਲਾ ਵਿਚ ਕੁਝ ਦਿਨ ਪਹਿਲਾਂ ਇਕ ਪਰਿਵਾਰ ਵੱਲੋਂ ਡੇਰੇ ਵਿਚ ਅਖੰਡ ਪਾਠ ਦਾ ਪ੍ਰਕਾਸ਼ ਕਰਵਾਇਆ ਗਿਆ। ਪਿੰਡ ਦੇ ਕੁਝ ਲੋਕਾਂ ਨੂੰ ਪਤਾ ਲੱਗਾ ਕਿ ਡੇਰੇ ਵਿਚ ਪਾਠੀ ਸ਼ਰਾਬ ਦਾ ਸੇਵਨ ਕਰਦਾ ਹੈ। ਪੁਲਿਸ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ।
ਮਾਮਲਾ ਸਾਹਮਣੇ ਆਉਣ ‘ਤੇ ਧਰਮ ਪ੍ਰਚਾਰ ਕਮੇਟੀ ਨੇ ਜਾਂਚ ਕੀਤੀ। ਪੰਜ ਪਿਆਰਿਆਂ ਨੇ ਜਾਂਚ ਦੌਰਾਨ ਪਾਠੀ ਧਰਮ ਸਿੰਘ ਦੇ ਕਮਰੇ ਤੋਂ ਸ਼ਰਾਬ ਬਰਾਮਦ ਕੀਤੀ। ਦੂਜੇ ਪਾਸੇ ਕਮਰੇ ਵਿਚ ਪਏਇਕ ਬਕਸੇ ਵਿਚ ਧਾਰਮਿਕ ਗ੍ਰੰਥ ਦੇ ਫਟੇ ਹੋਏ ਅੰਗ ਮਿਲੇ। ਜਾਂਚ ਕਰਨ ਆਈ ਕਮੇਟੀ ਨੇ ਡੇਰੇ ਵਿਚ ਪ੍ਰਕਾਸ਼ ਕਰਵਾਏ ਗਏਪਾਵਨ ਸਰੂਪਾਂ ਨੂੰ ਪਿੰਡ ਦੇ ਡੇਰੇ ਵਿਚ ਰਖਵਾ ਦਿੱਤਾ ਹੈ ਦੂਜੇ ਪਾਸੇ ਡੇਰੇ ਦੇ ਮੁਖੀ ਬਖਤੌਰ ਦਾਸ ਤੇ ਉਸ ਦੇ ਸਾਥੀ ਭੋਲਾ ਦਾਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਡੀਐੱਸਪੀ ਭੁੱਚੋ ਰਛਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਥਾਣਾ ਨੇਹੀਆਂਵਾਲਾ ਵਿਚ ਡੇਰਾ ਮੁਖੀ ਬਖਤੌਰ ਦਾਸ, ਭੋਲਾ ਦਾਸ ਤੇ ਪਾਠੀ ਧਰਮ ਸਿੰਘ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਕੇਸ ਦਰਜ ਕਰਕੇ ਡੇਰਾ ਮੁਖੀ ਤੇ ਉਸ ਦੇ ਇਕ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਫਰਾਰ ਚੱਲ ਰਹੇ ਪਾਠੀ ਦੀ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਜਾਰੀ ਹਨ।
ਵੀਡੀਓ ਲਈ ਕਲਿੱਕ ਕਰੋ : –