DGP ਗੌਰਵ ਯਾਦਵ ਦੀ ਅੱਜ ਹਾਈ ਕੋਰਟ ‘ਚ ਪੇਸ਼ੀ ਹੋਈ ਹੈ। ਮੋਹਾਲੀ ਵਿਚ ਰਾਣਾ ਬਲਾਚੌਰੀਆ ਕਤਲਕਾਂਡ ਮਾਮਲੇ ਵਿਚ ਡੀਜੀਪੀ ਗੌਰਵ ਯਾਦਵ ਦੀ ਕੋਰਟ ਵਿਚ ਪੇਸ਼ੀ ਹੋਈ ਹੈ। ਇਸ ਦੌਰਾਨ ਸਪੈਸ਼ਲ ਡੀਜੀਪੀ (ਲਾਅ ਐਂਡ ਆਰਡਰ), ਐੱਸਐੱਸਪੀ ਮੋਹਾਲੀ, ਡੀਆਈਜੀ ਰੋਪੜ ਰੇਂਜ ਤੇ ਏਜੀਟੀਐੱਫ ਚੀਫ ਵੀ ਅਦਾਲਤ ਵਿਚ ਹਾਜ਼ਰ ਰਹੇ।
ਡੀਜੀਪੀ ਪੰਜਾਬ ਨੇ ਹਾਈਕੋਰਟ ਵਿਚ ਦੱਸਿਆ ਕਿ ‘ਆਪ੍ਰੇਸ਼ਨ ਪ੍ਰਹਾਰ’ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਲਗਭਗ 3000 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ‘ਤੇ ਹਾਈਕੋਰਟ ਨੇ ਸਖਤ ਟਿੱਪਣੀ ਕਰਦੇ ਹੋਏ ਸਵਾਲ ਕੀਤਾ ਗਿਆ ਕਿ ਇਹ ਆਪ੍ਰੇਸ਼ਨ 2-3 ਸਾਲ ਪਹਿਲਾਂ ਕਿਉਂ ਨਹੀਂ ਸ਼ੁਰੂ ਕੀਤਾ ਗਿਆ। ਅਦਾਲਤ ਨੇ ਕਿਹਾ ਕਿ ਹਾਈਕੋਰਟ ਨੇ ਹੁਕਮ ਜਾਰੀ ਹੋਣ ਦੇ ਬਾਅਦ ਹੀ ਅਜਿਹੇ ਆਪ੍ਰੇਸ਼ਨ ਕਿਉਂ ਸ਼ੁਰੂ ਕੀਤੇ ਜਾਂਦੇ ਹਨ ਤਾਂ ਇਹ ਵੀ ਸਪੱਸ਼ਟ ਕੀਤਾ ਕਿ ਆਪ੍ਰੇਸ਼ਨ ਦੌਰਾਨ ਕਿਸੇ ਵੀ ਨਿਰਦੋਸ਼ ਵਿਅਕਤੀ ਨੂੰ ਗ੍ਰਿਫਤਾਰ ਨਾ ਕੀਤਾ ਜਾਵੇ।
ਇਸ ਤੋਂ ਇਲਾਵਾ ਪੰਜਾਬ ‘ਚ ਬਦਮਾਸ਼ਾਂ ਦੇ ਫੈਲ ਰਹੇ ਗੈਂਗਸਟਰ ਬਾਰੇ ਵੀ ਡੀਜੀਪੀ ਗੌਰਵ ਯਾਦਵ ਤੋਂ ਸਵਾਲ ਕੀਤੇ ਗਏ ਹਨ। ਕੋਰਟ ਨੇ ਕਿਹਾ ਕਿ ਰੋਜ਼ ਕਤਲ ਹੋ ਰਹੇ ਹਨ, ਸੈਂਕੜੇ ਜਾਂ ਹਜ਼ਾਰਾਂ ਦੀ ਭੀੜ ਵਿਚ ਦੋ ਲੋਕ ਆਉਂਦੇ ਹਨ ਤੇ ਕਤਲ ਕਰਕੇ ਫਰਾਰ ਹੋ ਜਾਂਦੇ ਹਨ ਤੇ ਪੁਲਿਸ ਉਨ੍ਹਾਂ ਨੂੰ ਫੜ ਤੱਕ ਨਹੀਂ ਪਾਉਂਦੀ। ਨਾਮੀ ਬਦਮਾਸ਼ ਦੀ ਜੇਲ੍ਹ ‘ਚ ਹੋਈ ਇੰਟਰਵਿਊ ਨੂੰ ਲੈ ਕੇ ਕਲਾਸ ਲਗਾਈ ਗਈ।
ਡੀਜੀਪੀ ਪੰਜਾਬ ਨੇ ਦਲੀਲ ਦਿੱਤੀ ਕਿ ਪੰਜਾਬ ਵਿਚ ਅਪਰਾਧ ਹੋਰਨਾਂ ਸੂਬਿਆਂ ਦੀ ਤੁਲਨਾ ਵਿਚ ਘੱਟ ਹੈ। ਇਸ ‘ਤੇ ਹਾਈਕੋਰਟ ਨੇ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ,ਅਜਿਹੇ ਵਿਚ ਇਸ ਦੀ ਤੁਲਨਾ ਹੋਰਨਾਂ ਸੂਬਿਆਂ ਤੋਂ ਨਹੀਂ ਕੀਤੀ ਜਾ ਸਕਦੀ। ਅਦਾਲਤ ਨੇ ਡੀਜੀਪੀ ਤੋਂ ਪੁੱਛਿਆ ਕਿ ਫਿਰੌਤੀ ਵਜੋਂ ਮੰਗੇ ਜਾ ਰਹੇ ਪੈਸਿਆਂ ਨੂੰ ਟ੍ਰੇਸ ਕਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ, ਇਹ ਪੈਸਾ ਕਿਥੇ ਜਾ ਰਿਹਾ ਹੈ ਤੇ ਉਸ ਦਾ ਰਸਤਾ ਕੀ ਹੈ। ਹਾਈਕੋਰਟ ਨੇ ਕਿਹਾ ਕਿ ਹਰ ਰੋਜ਼ ਕਰੋੜਾਂ ਰੁਪਏ ਜਾ ਰਹੇ ਹਨ, ਇਸ ‘ਤੇ ਕੀ ਜਾਂਚ ਹੋ ਰਹੀ ਹੈ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿਚ ਈਡੀ ਨੂੰ ਵੀ ਧਿਆਨ ਦੇਣ ਦੀ ਲੋੜ ਹੈ।
ਇਹ ਵੀ ਪੜ੍ਹੋ: ਧੂਰੀ ਤੇ ਦੋਰਾਹਾ ਵਾਸੀਆਂ ਨੂੰ ਵੱਡਾ ਤੋਹਫਾ, ਰੇਲਵੇ ਓਵਰਬ੍ਰਿਜ ਦੇ ਨਿਰਮਾਣ ਨੂੰ ਮਿਲੀ ਮਨਜ਼ੂਰੀ
ਡੀਜੀਪੀ ਪੰਜਾਬ ਨੇ ਦੱਸਿਆ ਕਿ ਕਈ ਘਟਨਾਵਾਂ ਵਿਚ ਪਾਕਿਸਤਾਨ ਦਾ ਹੱਥ ਸਾਹਮਣੇ ਆਇਆ ਹੈ। ਹਾਈਕੋਰਟ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਗੈਂਗਸਟਰਾਂ ਨੂੰ ਪ੍ਰਮੋਟ ਕਰਨ ਵਾਲੇ ਵੀਡੀਓ ਹਟਾਉਣ ਤੇ ਉਨ੍ਹਾਂ ਦੇ ਯੂਆਰਐੱਲ ਬਲਾਕ ਕਰਨ ਦੇ ਹੁਕਮ ਵੀ ਦਿੱਤੇ। ਹਾਈਕੋਰਟ ਨੇ ਡੀਜੀਪੀ ਨੂੰ ਇਕ ਹਫਤੇ ਦੇ ਅੰਦਰ ਨਵਾਂ ਹਲਫਨਾਮਾ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਜਿਸ ਵਿਚ ਜਾਣਕਾਰੀ ਦੇਣੀ ਹੋਵੇਗੀ ਕਿ ਕਿੰਨੀਆਂ ਘਟਨਾਵਾਂ ਵਿਚ ਸੀਸੀਟੀਵੀ, ਮੋਬਾਈਲ ਜਾਂ ਹੋਰ ਕੈਮਰਿਆਂ ਵਿਚ ਸ਼ੂਟਰ ਕੈਦ ਹੋਏ। ਇਨ੍ਹਾਂ ਘਟਨਾਵਾਂ ਦੇ ਬਾਅਦ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ।
ਵੀਡੀਓ ਲਈ ਕਲਿੱਕ ਕਰੋ -:
























