DGP Gupta said the fight against : ਕੋਰੋਨਾ ਵਾਇਰਸ ਖਿਲਾਫ ਚੱਲ ਰਹੀ ਇਸ ਲੜਾਈ ਵਿਚ ਡੀਜੀਪੀ ਦਿਨਕਰ ਗੁਪਤਾ ਨੇ ਪੰਜਾਬ ਦੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਇਹ ਲੜਾਈ ਕਾਫੀ ਲੰਬੀ ਚੱਲੇਗੀ, ਇਸ ਲਈ ਸੂਬੇ ਦੇ ਲੋਕ ਆਪਣੇ ਅਤੇ ਆਪਣੇ ਸੂਬੇ ਦੀ ਭਲਾਈ ਲਈ ਇਕਜੁਟ ਹੋ ਕੇ ਜ਼ਿੰਮੇਵਾਰੀ ਨਿਭਾਉਣ। ਇਕ ਇੰਟਰਵਿਊ ਦੌਰਾਨ ਡੀਜੀਪੀ ਨੇ ਕਿਹਾ ਕਿ ਸੂਬਾ ਪੁਲਿਸ ਕਰਫਿਊ ਅਤੇ ਲੌਕਡਾਊਨ ਦੀ ਮੌਜੂਦਾ ਸਥਿਤੀ ਵਿਚ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਪੂਰੀਆਂ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਆਮ ਲੋਕਾਂ ’ਤੇ ਸਖਤੀ ਕਰਨਾ ਉਸ ਦਾ ਟੀਚਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖੁਦ ਹੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਤੇ ਪੁਲਿਸ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂਕਿ ਛੇਤੀ ਤੋਂ ਛੇਤੀ ਇਹ ਲੜਾਈ ਜਿੱਤ ਕੇ ਪੰਜਾਬ ਵਿਚ ਮੁੜ ਤੋਂ ਪਹਿਲਾਂ ਵਰਗਾ ਮਾਹੌਲ ਬਹਾਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਸੂਬਾ ਪੁਲਿਸ ਕਾਨੂੰਨ-ਵਿਵਸਥਾ ਦੇ ਨਾਲ-ਨਾਲ ਸਮਾਜਿਕ ਕਾਰਜਾਂ ਨੂੰ ਵੀ ਸੰਭਾਲ ਰਹੀ ਹੈ, ਜਿਸ ਨਾਲ ਘਰਾਂ ਵਿਚ ਬੰਦ ਲੋਕਾਂ ਨੂੰ ਕਾਫੀ ਮਦਦ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦਾ ਇਹ ਪ੍ਰਦਰਸ਼ਨ ਅੱਗੇ ਵੀ ਜਾਰੀ ਰਹੇਗਾ ਅਤੇ ਸਾਡੀ ਫੋਰਸ ਆਮ ਲੋਕਾਂ ਦੀ ਮਦਦ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਡੀਜੀਪੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਪਹਿਲੀ ਵਾਰ ਸੂਬੇ ਦੇ 680 ਪੁਲਿਸ ਅਫਸਰਾਂ ਨਾਲ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਗੱਲਬਾਤ ਕੀਤੀ ਅਤੇ ਮੌਜੂਦਾ ਹਾਲਾਤ ’ਤੇ ਉਨ੍ਹਾਂ ਦੇ ਸੁਝਾਅ ਵੀ ਲਏ ਹਨ। ਉਨ੍ਹਾਂ ਦੱਸਿਆ ਕਿ ਲੰਬੇ ਸਮੇਂ ਤੋਂ ਪੁਲਿਸ ਜਵਾਨਾਂ ਨੂੰ ਲਗਾਤਾਰ ਡਿਊਟੀ ਕਰਨੀ ਪੈ ਰਹੀ ਹੈ, ਜਿਸ ਨੂੰ ਦੇਖਦੇ ਹੋਏ ਹੁਣ ਅਜਿਹੀ ਵਿਵਸਥਾ ਕੀਤੀ ਜਾ ਰਹੀ ਹੈ ਕਿ ਜਵਾਨਾਂ ਨੂੰ ਲੋੜੀਂਦਾ ਆਰਾਮ ਮਿਲ ਸਕੇ। ਉਨ੍ਹਾਂ ਕਿਹਾ ਕਿ ਜਵਾਨਾਂ ਦੀ ਸਿਹਤ ਨੂੰ ਲੈ ਕੇ ਵੀ ਵਿਸੇਸ਼ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਦੇ ਲਈ ਮੁੱਖ ਮੰਤਰੀ ਨੇ ਸਪੈਸ਼ਲ ਫੰਡ ਵੀ ਰਿਲੀਜ਼ ਕੀਤਾ ਹੈ।