DGP troubles escalate in Multani case : ਆਈਏਐਸ ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਅਗਵਾ ਅਤੇ ਲਾਪਤਾ ਕਰਨ ਦੇ ਮਾਮਲੇ ਵਿਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਹੋਰ ਵੀ ਵਧ ਗਈਆਂ ਹਨ। ਸਾਬਕਾ ਇੰਸਪੈਕਟਰਾਂ ਵੱਲੋਂ ਜੱਜ ਦੇ ਸਾਹਮਣੇ ਦਿੱਤੇ ਗਏ ਬਿਆਨ ਦੇ ਆਧਾਰ ’ਤੇ ਸੁਮੇਧ ਸੈਣੀ ਖਿਲਾਫ ਮੋਹਾਲੀ ਦੀ ਇਕ ਅਦਾਲਤ ਨੇ ਕਤਲ ਕਰਨ ਦੀ ਧਾਰਾ 302 ਨੂੰ ਵੀ ਜੋੜਨ ਦੇ ਹੁਕਮ ਦੇ ਦਿੱਤੇ ਹਨ। ਆਈਏਐਸ ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਦਾ ਕੇਸ ਲੜ ਰਹੇ ਪ੍ਰਦੀਪ ਵਿਰਕ ਨੇ ਜੱਜ ਦੇ ਇਸ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਧਾਰਾ ਤਾਂ ਉਸ ਖਿਲਾਫ ਪਹਿਲਾਂ ਹੀ ਦਰਜ ਹੋ ਜਾਣੀ ਚਾਹੀਦੀ ਸੀ।
ਇਥੇ ਦੱਸ ਦੇਈਏ ਕਿ ਪੰਜਾਬ ਪੁਲਿਸ ਦੀ ਐਸਆਈਟੀ ਨੇ ਸੈਣੀ ਦੇ ਪੁਰਾਣੇ ਸਾਥੀਆਂ ਯੂਟੀ ਪੁਲਿਸ ਦੇ ਦੋ ਇੰਸਪੈਕਟਰ ਜਗੀਰ ਸਿੰਘ ਅਤੇ ਕੁਲਦੀਪ ਸਿੰਘ ਨੂੰ ਸੁਮੇਧ ਸੈਣੀ ਖਿਲਾਫ ਪੰਜਾਬ ਪੁਲਿਸ ਅਪਰੂਵਰ ਬਣਾ ਲਿਆ ਹੈ, ਜਿਸ ਲਈ ਮੋਹਾਲੀ ਅਦਾਲਤ ਨੇ ਵੀ ਮੰਗਲਵਾਰ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਨ੍ਹਾਂ ਦੋਹਾਂ ਦੇ ਬਿਆਨਾਂ ਦੇ ਆਧਾਰ ’ਤੇ ਹੀ ਸੈਣੀ ਖਿਲਾਫ ਇਹ ਧਾਰਾ ਜੋੜੀ ਗਈ ਹੈ।
ਇਨ੍ਹਾਂ ਦੋਵੇਂ ਇੰਸਪੈਕਟਰਾਂ ਨੇ ਖੁਲਾਸਾ ਕੀਤਾ ਕਿ ਬਲਵੰਤ ਮੁਲਤਾਨੀ ਕਸਟਡੀ ਤੋਂ ਫਰਾਰ ਨਹੀਂ ਹੋਇਆ ਸੀ, ਸਗੋਂ ਸੈਕਟਰ-17 ਪੁਲਿਸ ਸਟੇਸ਼ਨ ਵਿਚ ਸੁਮੇਧ ਸਿੰਘ ਸੈਣੀ ਦੇ ਇਸ਼ਾਰੇ ’ਤੇ ਸਵਰਗਵਾਸੀ ਯੂਟੀ ਪੁਲਿਸ ਦੇ ਸਾਬਕਾ ਡੀਐਸਪੀ ਪ੍ਰੇਮ ਸਿੰਘ ਲਿਕ ਨੇ ਉਸ ਦੇ ਗੁਪਤ ਅੰਗਾਂ ’ਚ ਪਹਿਲਾਂ ਡੰਡਾ ਪਾਇਆ ਅਤੇ ਫਿਰ ਉਸ ’ਤੇ ਤਸ਼ੱਦਦ ਕੀਤਾ। ਜਿਸ ਨਾਲ ਮੁਲਤਾਨੀ ਦੇ ਇੰਨੀ ਬਲੀਡਿੰਗ ਹੋਈ ਕਿ ਉਸ ਦੀ ਥਾਣੇ ਵਿਚ ਹੀ ਜਾਨ ਚਲੀਗਈ। ਇਸ ਤੋਂ ਬਾਅਦ ਉਸ ਦੀ ਲਾਸ਼ ਨੂੰ ਸਾਬਕਾ ਡੀਐਸਪੀ ਪ੍ਰੇਮ ਮਲਿਕ, ਡੀਐਸਪੀ ਸਤਬੀਰ ਸਿੰਘ ਅਤੇ ਥਾਣਾ 17 ਦੇ ਐਸਐਚਓ ਕੇਆਈਪੀ ਸਿੰਘ ਨੇ ਠਿਕਾਣੇ ਲਗਾ ਦਿੱਤਾ। ਜਦਕਿ ਪ੍ਰਾਇਵੇਟ ਆਦਮੀ ਨੂੰ ਇੰਸਪੈਕਟਰ ਜਗੀਰ ਸਿੰਘ ਨਾਲ ਪੰਜਾਬ ਦੇ ਜ਼ਿਲ੍ਹਾ ਬਟਾਲਾ ਦੇ ਕਾਦੀਆਂ ਥਾਣੇ ਵਿਚ ਭੇਜ ਕੇ ਬਲਵੰਤ ਸਿੰਘ ਮੁਲਤਾਨੀ ਨੂੰ ਕਸਟਡੀ ਤੋਂ ਫਰਾਰ ਐਲਾਨ ਦਿੱਤਾ।