Dharna by farmers over toll : ਚੰਡੀਗੜ੍ਹ-ਲੁਧਿਆਣਾ ਹਾਈਵੇ ’ਤੇ ਸਮਰਾਲਾ ਵਿਖੇ ਘੁਲਾਲ ਟੌਲ ਪਲਾਜ਼ੇ ਨੂੰ ਸ਼ੁਰੂ ਕਰਨ ਨੂੰ ਲੈ ਕੇ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਲੁਧਿਆਣਾ-ਚੰਡੀਗੜ੍ਹ ਸਿਕਸ ਲੇਨ ਦਾ ਕੰਮ ਮੁਕੰਮਲ ਕੀਤੇ ਬਿਨਾਂ ਹੀ ਸਮਰਾਲਾ ਨੇੜੇ ਘੁਲਾਲ ਟੌਲ ਪਲਾਜ਼ੇ ਨੂੰ ਚਾਲੂ ਕਰਕੇ ਲੋਕਾਂ ਕੋਲੋਂ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ ਹੈ, ਜਿਸ ਸਬੰਧੀ ਲੋਕਾਂ ਤੇ ਜਥੇਬੰਦੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ, ਜਿਸ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਮੁਤਾਬਕ ਹਾਈਵੇਅ ਵੱਲੋਂ ਸੜਕ ਨਿਰਮਾਣ ਦਾ ਕੰਮ ਮੁਕੰਮਲ ਕੀਤੇ ਬਿਨਾਂ ਹੀ ਟੌਲ ਟੈਕਸ ਦੀ ਵਸੂਲੀ ਕਰਨਾ ਗੈਰ-ਕਾਨੂੰਨੀ ਹੈ।
ਸ਼ੁਰੂ ਕੀਤੇ ਇਸ ਘੁਲਾਲ ਟੌਲ ਪਲਾਜ਼ਾ ਤੋਂ 3 ਕਿਲੋਮੀਟਰ ਅੱਗੇ ਨੀਲੋਂ ਪੁਲ ’ਤੇ ਫਲਾਈ ਓਵਰ ਦਾ ਕੰਮ ਅਜੇ ਅਧੂਰਾ ਪਿਆ ਹੈ ਅਤੇ ਇਸ ਤੋਂ ਇਲਾਵਾ ਹਾਈਵੇਅ ’ਤੇ ਕਈ ਥਾਵਾਂ ’ਤੇ ਅਜੇ ਤੱਕ ਵੀ ਸੜਕ ’ਤੇ ਡੀਵਾਈਡਰ ਤੇ ਬੈਰੀਕੇਡਜ਼ ਲਗਾਉਣ ਦਾ ਕੰਮ ਪੂਰਾ ਨਹੀਂ ਕੀਤਾ ਜਾ ਸਕਿਆ, ਜਿਸ ਦੇ ਚੱਲਦਿਆਂ ਕਈ ਜਥੇਬੰਦੀਆਂ ਨੇ ਅਚਾਨਕ ਬਿਨਾਂ ਜਾਣਕਾਰੀ ਦਿੱਤੇ ਘੁਲਾਲ ਟੌਲ ਪਲਾਜ਼ਾ ਨੂੰ ਸ਼ੁਰੂ ਕੀਤੇ ਜਾਣ ਨੂੰ ਲੋਕਾਂ ਦੀ ਲੁੱਟ ਦੱਸਿਆ। ਜਥੇਬੰਦੀਆਂ ਨੇ ਅਜੇ ਤੱਕ ਇਸ ਇਲਾਕੇ ਵਿੱਚ ਸੜਕ ਨਿਰਮਾਣ ਦਾ ਕੰਮ ਹੀ ਮੁਕੰਮਲ ਨਾ ਹੋਣ ਕਾਰਨ ਲੋਕਾਂ ਤੋਂ ਟੌਲ ਟੈਕਸ ਵਸੂਲੇ ਜਾਣ ’ਤੇ ਸਵਾਲੀਆ ਨਿਸ਼ਾਨ ਉਠਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਸਰਹਿੰਦ ਨਹਿਰ ਦੇ ਨੀਲੋਂ ਪੁਲ ’ਤੇ ਬਣਨ ਵਾਲੇ ਫਲਾਈਓਵਰ ਦਾ ਕੰਮ ਵਿਚਾਲੇ ਲਟਕਿਆ ਹੋਇਆ ਹੈ ਅਤੇ ਲੁਧਿਆਣਾ ਤੱਕ ਕਈ ਥਾਵਾਂ ’ਤੇ ਹਾਲੇ ਵੀ ਸੜਕ ਨਿਰਮਾਣ ਦਾ ਕੰਮ ਚਲਦਾ ਹੋਣ ਕਰਕੇ ਟ੍ਰੈਫਿਕ ਨੂੰ ਭਾਰੀ ਮੁਸ਼ਕਲ ਪੇਸ਼ ਆ ਰਹੀ ਹੈ। ਇਲਾਕੇ ਦੇ ਲੋਕਾਂ ਵੱਲੋਂ ਵੀ ਟੌਲ ਪਲਾਜ਼ਾ ਸ਼ੁਰੂ ਕੀਤੇ ਜਾਣ ਦਾ ਵਿਰੋਧ ਪ੍ਰਗਟਾਇਆ ਗਿਆ।