Direct flight between Amritsar-London : ਅੰਮ੍ਰਿਤਸਰ : ਕੋਰੋਨਾ ਮਹਾਮਾਰੀ ਦੌਰਾਨ ਵੰਦੇ ਭਾਰਤ ਮਿਸ਼ਨ ਦੀਆਂ ਉਡਾਣਾਂ ਵਿਚ ਅੰਮ੍ਰਿਤਸਰ ਅਤੇ ਲੰਡਨ ਦੇ ਹੀਥਰੋ ਹਵਾਈ ਅੱਡੇ ਦਰਮਿਆਨ ਸਿੱਧੀ ਉਡਾਣ ਸ਼ੁਰੂ ਕੀਤੀ ਗਈ ਹਨ, ਜਿਸ ਦਾ ਵਿਦੇਸ਼ ਅਤੇ ਪੰਜਾਬ ਵਸਦੇ ਪੰਜਾਬੀ ਭਾਈਚਾਰੇ ਨੇ ਏਅਰ ਇੰਡੀਆਂ ਵੱਲੋਂ ਸਵਾਗਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਉਡਾਨ ਰਾਹੀਂ ਹੁਣ ਯਾਤਰੀਆਂ ਨੂੰ ਦਿੱਲੀ ਰਾਹੀਂ ਜਾਣ ਦੀ ਬਜਾਏ, ਪੰਜਾਬ ਪਹੁੰਚਣ ਵਿਚ ਬਹੁਤ ਘੱਟ ਸਮਾਂ ਲੱਗੇਗਾ।
ਦੱਸਣਯੋਗ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਅਤੇ ਲੰਡਨ ਹੀਥਰੋ ਦੇ ਵਿਚਕਾਰ 24 ਅਗਸਤ ਤੋਂ 30 ਸਤੰਬਰ ਤੱਕ ਹਰ ਹਫਤੇ ਇਕ ਸਿੱਧੀ ਉਡਾਣ ਸ਼ਾਮਲ ਕੀਤੀ ਗਈ ਹੈ, ਜਿਸ ਦੀ ਸੂਚੀ ਏਅਰ ਇੰਡੀਆ ਵੱਲੋਂ ਆਪਣੀ ਵੈੱਬਸਾਈਟ ’ਤੇ ਦਿੱਤੀ ਗਈ ਹੈ। ਇਨ੍ਹਾਂ ਉਡਾਣਾਂ ਦੀ ਬੁਕਿੰਗ ਸ਼ੁਰੂ ਹੈ, ਅਤੇ ਏਅਰ ਇੰਡੀਆ ਦੀ ਵੈਬਸਾਈਟ, ਦਫ਼ਤਰ, ਅਤੇ ਅਧਿਕਾਰਤ ਟਰੈਵਲ ਏਜੰਟ ਦੇ ਜ਼ਰੀਏ ਕੀਤੀ ਜਾ ਸਕਦੀ ਹੈ। ਇਹ ਉਡਾਣ ਹਰ ਸੋਮਵਾਰ ਲੰਡਨ ਹੀਥਰੋ ਤੋਂ ਸਵੇਰੇ 9:15 ਵਜੇ ਰਵਾਨਾ ਹੋਵੇਗੀ ਅਤੇ ਰਾਤ ਨੂੰ 10:25 ਵਜੇ ਅੰਮ੍ਰਿਤਸਰ ਪਹੁੰਚੇਗੀ। ਮੰਗਲਵਾਰ ਦੁਪਹਿਰ 2:40 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ, ਸ਼ਾਮ ਨੂੰ 7 ਵਜੇ ਲੰਡਨ ਪਹੁੰਚੇਗੀ।
ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ (ਮੁਹਿੰਮ) ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ, ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਇਹ ਉਡਾਣ ਸ਼ੁਰੂ ਕਰਨ ਲਈ ਅਸੀਂ ਸ਼ਹਿਰੀ ਹਵਾਬਾਜ਼ੀ ਮੰਤਰੀ ਸ. ਹਰਦੀਪ ਸਿੰਘ ਪੂਰੀ ਅਤੇ ਏਅਰ ਇੰਡੀਆ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਉਨ੍ਹਾਂ ਉਨ੍ਹਾਂ ਉਡਾਣਾਂ ਦੀ ਗਿਣਤੀ ਨੂੰ ਵਧਾਉਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਭਾਰਤ ਵਲੋਂ ਨਿਯਮਤ ਅੰਤਰਰਾਸ਼ਟਰੀ ਵਪਾਰਕ ਉਡਾਣਾਂ ਮੁੜ ਸ਼ੁਰੂ ਕਰਨ ਤੋਂ ਬਾਅਦ ਅੰਮ੍ਰਿਤਸਰ ਤੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਲਈ ਉਡਾਣਾਂ ਨੂੰ ਜਾਰੀ ਰੱਖਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਮੰਤਰਾਲੇ ਨੂੰ ਅੰਮ੍ਰਿਤਸਰ-ਬਰਮਿੰਘਮ ਵਿਚਕਾਰ ਵੀ ਵਿਸ਼ੇਸ਼ ਸਿੱਧੀਆਂ ਉਡਾਣਾਂ ਜਲਦ ਸ਼ੁਰੂ ਕਰਨ ਦੀ ਅਪੀਲ ਕੀਤੀ।