Dirty water mixed in Gurdwara : ਪਾਕਿਸਤਾਨ ਦੇ ਹਸਨ ਅਬਦਾਲ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਸਰੋਵਰ ਵਿਚ ਗੰਦਾ ਪਾਣੀ ਰਲ ਗਿਆ ਹੈ। ਜਿਸ ’ਤੇ ਇਮਰਾਨ ਖ਼ਾਨ ਵਾਲੀ ਪਾਕਿਸਤਾਨ ਸਰਕਾਰ ਨੇ ਇਸ ਦਾ ਗੰਭੀਰ ਨੋਟਿਸ ਲਿਆ ਅਤੇ ਗੰਦੇ ਪਾਣੀ ਵਾਲੇ ਨਾਲੇ ਨੂੰ ਵੱਖ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਪਾਰਕਿੰਗ ਲਈ ਸੁਚੱਜੇ ਪ੍ਰਬੰਧ ਕਰਨ ਤੇ ਗੁਰਦੁਆਰਾ ਸਾਹਿਬ ਵਿਚ ਚੱਲ ਰਹੇ ਨਵੀਨੀਕਰਨ ਦਾ ਕੰਮ ਤੇਜ਼ ਕਰਨ ਲਈ ਵੀ ਕਿਹਾ ਗਿਆ ਹੈ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵਿਸ਼ੇਸ਼ ਸਹਾਇਕ ਸਈਦ ਜ਼ੁਲਫੀ ਬੁਖ਼ਾਰੀ ਵੱਲੋਂ ਕੱਲ੍ਹ ਗੁਰਦੁਆਰਾ ਪੰਜਾ ਸਾਹਿਬ ਦਾ ਦੌਰਾ ਕੀਤਾ ਗਿਆ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਗੰਦੇ ਨਾਲੇ ਨੂੰ ਵੱਖ ਕਰ ਕੇ ਸਰੋਵਰ ਵਿਚ ਸਿਰਫ਼ ਸਾਫ਼ ਪਾਣੀ ਹੋਣਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ ਬੁਖ਼ਾਰੀ ਨੇ ਆਪਣੇ ਦੌਰੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਣੀ ਤੇ ਸੀਵਰੇਜ ਦਾ ਮਸਲਾ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਉਹ ਆਪ ਵਿਕਾਸ ਤੇ ਨਵੀਨੀਕਰਨ ਕਾਰਜਾਂ ਦੀ ਨਿਗਰਾਨੀ ਕਰਨਗੇ।
ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦਾ ਇਤਿਹਾਸ : ਗੁਰੂ ਨਾਨਕ ਦੇਵ ਜੀ ਜਦੋਂ ਹਸਨ ਅਬਦਾਲ ਪੁੱਜੇ ਸਨ। ਇਥੇ ਇੱਕੋ ਝਰਨਾ ਵਗਦਾ ਸੀ ਜਿਸ ‘ਤੇ ਵਲੀ ਕੰਧਾਰੀ ਨਾਂ ਦੇ ਇੱਕ ਸ਼ਖਸ ਦਾ ਕੰਟਰੋਲ ਸੀ ਤੇ ਉਹ ਲੋਕਾਂ ਨੂੰ ਪਾਣੀ ਮੁੱਲ ਵੇਚਦਾ ਸੀ। ਗੁਰੂ ਸਾਹਿਬ ਦੀ ਪ੍ਰਸਿੱਧੀ ਤੋਂ ਔਖੇ ਵਲੀ ਕੰਧਾਰੀ ਨੇ ਲੋਕਾਂ ਨੂੰ ਪਾਣੀ ਦੇਣਾ ਬੰਦ ਕਰ ਦਿੱਤਾ। ਲੋਕਾਂ ਨੇ ਜਦੋਂ ਗੁਰੂ ਸਾਹਿਬ ਨੂੰ ਦੱਸਿਆ ਤਾਂ ਉਨ੍ਹਾਂ ਭਾਈ ਮਰਦਾਨਾ ਨੂੰ ਵਲੀ ਕੰਧਾਰੀ ਕੋਲ ਭੇਜਿਆ ਪਰ ਉਹ ਪਾਣੀ ਦੇਣ ਲਈ ਰਾਜ਼ੀ ਨਾ ਹੋਇਆ। ਇਸ ‘ਤੇ ਗੁਰੂ ਸਾਹਿਬ ਨੇ ਛੜੀ ਮਾਰ ਕੇ ਧਰਤੀ ‘ਚੋਂ ਪਾਣੀ ਦਾ ਫੁਆਰਾ ਚਲਾ ਦਿੱਤਾ ਤੇ ਲੋਕਾਂ ਨੂੰ ਪਾਣੀ ਮਿਲ ਗਿਆ ਇਸ ਤੋਂ ਗੁੱਸੇ ਵਿੱਚ ਆਏ ਵਲੀ ਕੰਧਾਰੀ ਨੇ ਗੁਰੂ ਸਾਹਿਬ ਨੂੰ ਮਾਰਨ ਦੇ ਮਕਸਦ ਨਾਲ ਉਹਨਾਂ ‘ਤੇ ਵੱਡਾ ਪੱਥਰ ਪਹਾੜੀ ਤੋਂ ਸੁੱਟਿਆ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥ ਨਾਲ ਰੋਕ ਦਿੱਤਾ ਤੇ ਉਸ ‘ਤੇ ਗੁਰੂ ਸਾਹਿਬ ਦੇ ਪੰਜੇ ਦੇ ਨਿਸ਼ਾਨ ਛੱਪ ਗਏ। ਇਸ ਥਾਂ ‘ਤੇ ਗੁਰਦੁਆਰਾ ਪੰਜਾ ਸਾਹਿਬ ਸਥਿਤ ਹੈ।