ਪੰਜਾਬ ਦੇ ਜਲੰਧਰ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਇੱਕ ਪੈਰਾਂ ਤੋਂ ਲਾਚਾਰ ਅਪਾਹਜ ਵਿਅਕਤੀ ਨੂੰ ਬੇਰਹਿਮੀ ਨਾਲ ਕੁੱਟਿਆ। ਉਸ ਨੇ ਪਹਿਲਾਂ ਦਿਵਿਆਂਗ ਦੇ ਮੂੰਹ ’ਤੇ ਥੱਪੜ ਮਾਰੇ ਅਤੇ ਫਿਰ ਪੈਰਾਂ ਨਾਲ ਮਾਰਿਆ। ਦਿਵਿਆਂਗ ਨਾ ਤਾਂ ਆਪਣੇ ਬਚਾਅ ‘ਚ ਖੜ੍ਹਾ ਹੋ ਸਕਦਾ ਸੀ ਅਤੇ ਨਾ ਹੀ ਉੱਥੋਂ ਅੱਗੇ-ਪਿੱਛੇ ਹਟ ਸਕਦਾ ਸੀ।
ਸਹਾਇਕ ਸਬ ਇੰਸਪੈਕਟਰ ਦੀ ਇਹ ਹਰਕਤ ਉਥੇ ਲਗਾਏ ਗਏ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਤੋਂ ਬਾਅਦ ਪੀੜਤ ਨੇ ਇਸ ਬਾਰੇ ਸ਼ਿਕਾਇਤ ਕੀਤੀ। ਹੁਣ ਸੀਸੀਟੀਵੀ ਫੁਟੇਜ ਵੀ ਵਾਇਰਲ ਹੋ ਗਈ ਹੈ।
ਮਾਮਲਾ ਤੂਲ ਫੜਦਾ ਵੇਖ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਹਾਇਕ ਸਬ-ਇੰਸਪੈਕਟਰ ਰਘੁਵੀਰ ਸਿੰਘ ਨੂੰ ਸਸਪੈਂਡ ਕਰ ਦਿੱਤਾ। ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਕਿਹਾ ਕਿ ਅਪਾਹਜ ਵਿਅਕਤੀ ਨੇ ਚੋਰੀ ਦੇ ਇੱਕ ਮਾਮਲੇ ਵਿੱਚ ਪੁਲਿਸ ਦਾ ਸਹਿਯੋਗ ਨਹੀਂ ਕੀਤਾ ਪਰ ਏਐਸਆਈ ਰਘੁਬੀਰ ਸਿੰਘ ਨੇ ਗੈਰ-ਪੇਸ਼ੇਵਰਾਨਾ ਰਵੱਈਆ ਦਿਖਾਇਆ। ਉਸ ਨੂੰ ਸੀਨੀਅਰ ਅਫਸਰਾਂ ਨੂੰ ਦੱਸ ਦੇਣਾ ਚਾਹੀਦਾ ਸੀ। ਇਸ ਲਈ ਉਸ ਨੂੰ ਸਸਪੈਂਡ ਕਰਨ ਤੋਂ ਬਾਅਦ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਕਬੀਰ ਵਿਹਾਰ ਦੇ ਵਸਨੀਕ ਮਹਿੰਦਰ ਕੁਮਾਰ ਨੇ ਦੱਸਿਆ ਕਿ 17 ਅਪ੍ਰੈਲ ਨੂੰ ਸਵੇਰੇ ਕਰੀਬ 11 ਵਜੇ ਏਐਸਆਈ ਰਘੁਵੀਰ ਸਿੰਘ, ਇਕ ਕਾਂਸਟੇਬਲ ਅਤੇ ਇਕ ਹੋਰ ਵਿਅਕਤੀ ਨਾਲ ਉਸਦੀ ਕਬਾੜ ਦੀ ਦੁਕਾਨ ’ਤੇ ਆਇਆ ਸੀ। ਆਉਂਦੇ ਹੀ ਪੁਲਿਸ ਵਾਲੇ ਨੇ ਉਸ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮਹਿੰਦਰ ਨੇ ਕਿਹਾ ਕਿ ਉਸਦਾ ਭਰਾ ਸਲਿੰਦਰ ਦੁਕਾਨ ‘ਤੇ ਨਹੀਂ ਸੀ ਅਤੇ ਜਦੋਂ ਆਉਂਦਾ ਤਾਂ ਉਸਨੂੰ ਦੱਸ ਦੇਵੇਗਾ।
ਇਹ ਵੀ ਪੜ੍ਹੋ : ਕੋਟਪੂਰਾ ਗੋਲੀਕਾਂਡ : ਦੋਸ਼ੀਆਂ ਦੇ ਨਾਰਕੋ ਤੇ ਬ੍ਰੇਨ ਮੈਪਿੰਗ ਟੈਸਟ ਨਾਲ ਸੱਚਾਈ ਜਾਣੇਗੀ ਨਵੀਂ SIT, ਕੋਰਟ ਤੋਂ ਮੰਗੀ ਇਜਾਜ਼ਤ
ਮਹਿੰਦਰ ਕੁਮਾਰ ਨੇ ਦੱਸਿਆ ਕਿ ਰਘੁਵੀਰ ਸਿੰਘ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਉਹ 90 ਪ੍ਰਤੀਸ਼ਤ ਅਪਾਹਜ ਹੈ ਅਤੇ ਅਜੇ ਵੀ ਤੁਰ ਨਹੀਂ ਸਕਦਾ। ਇਹ ਮਾਮਲਾ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਧਿਆਨ ਵਿੱਚ ਵੀ ਆਇਆ ਹੈ। ਕਮਿਸ਼ਨ ਨੇ ਜਲੰਧਰ ਪੁਲਿਸ ਨੂੰ 15 ਦਿਨਾਂ ਦੇ ਅੰਦਰ-ਅੰਦਰ ਜਵਾਬ ਦਰਜ ਕਰਨ ਲਈ ਕਿਹਾ ਹੈ।