ਕਪੂਰਥਲਾ ਦੇ ਸੁਲਤਾਨਪੁਰ ਲੋਧੀ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਬੀਤੀ ਰਾਤ ਕਲੀਨਿਕ ਵਿਚ ਚੋਰੀ ਕਰਨ ਵੜੇ ਚੋਰ ਨੂੰ ਫੜਨ ਦੌਰਾਨ ਹੱਥੋਂਪਾਈ ਵਿਚ ਡਾਕਟਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਘਟਨਾ ਦੇ ਬਾਅਦ ਚੋਰ ਭੱਜਣ ਲੱਗਾ ਤਾਂ ਕਲੀਨਿਕ ਦੇ ਬਾਹਰ ਉਹ ਵਾਹਨ ਨਾਲ ਟਕਰਾ ਗਿਆ ਤੇ ਉਸ ਦੀ ਮੌਤ ਹੋ ਗਈ ਜਦੋਂ ਕਿ ਦੂਜਾ ਚੋਰ ਭੱਜਣ ਵਿਚ ਸਫਲ ਰਿਹਾ।
ਘਟਨਾ ਸੁਲਤਾਨਪੁਰ ਲੋਧੀ ਦੇ ਭਾਨੋਲੰਗਾ ਪਿੰਡ ਦੀ ਹੈ। ਸੀਸੀਟੀਵੀ ਕੈਮਰਿਆਂ ਵਿਚ ਚੋਰਾਂ ਨੂੰ ਕਲੀਨਿਕ ਵਿਚ ਵੜਿਆ ਦੇਖ ਡਾਕਟਰ ਆਪਣੇ ਬੇਟੇ ਨਾਲ ਚੋਰਾਂ ਨੂੰ ਫੜਨ ਲਈ ਪਹੁੰਚੇ ਸਨ। ਸੂਚਨਾ ਮਿਲਦੇ ਹੀ ਮੋਠਾਂਬਾਲਾ ਪੁਲਿਸ ਚੌਕੀ ਇੰਚਾਰਜ ਸਰਬਜੀਤ ਸਿੰਘ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਵਿਚ ਭਿਜਵਾ ਦਿੱਤੇ ਹਨ।
ਭਾਨੋਲੰਗਾ ਪਿੰਡ ਵਿਚ ਸਥਿਤ ਚਰਨ ਮੈਡੀਕਲ ਸਟੋਰ ਤੇ ਕਲੀਨਿਕ ‘ਤੇ ਕਈ ਵਾਰ ਚੋਰੀ ਹੋਣ ਨਾਲ ਕਲੀਨਿਕ ਦੇ ਸੰਚਾਲਕ ਡਾ. ਗੁਰਚਰਨ ਸਿੰਘ ਪ੍ਰੇਸ਼ਾਨ ਸੀ। ਇਸ ਲਈ ਉਨ੍ਹਾਂ ਨੇ ਕਲੀਨਿਕ ਵਿਚ ਸੀਸੀਟੀਵੀ ਕੈਮਰੇ ਲਗਵਾ ਦਿੱਤੇ ਸਨ। ਐਤਵਾਰ ਰਾਤ ਉਨ੍ਹਾਂ ਨੇ ਕੈਮਰੇ ਵਿਚ ਦੇਖਿਆ ਕਿ ਉਨ੍ਹਾਂ ਦੀ ਕਲੀਨਿਕ ਵਿਚ ਚੋਰੀ ਕਰਨ ਲਈ 2 ਨੌਜਵਾਨ ਵੜ ਰਹੇ ਹਨ। ਉਹ ਸ਼ਟਰ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ। ਗੁਰਚਰਨ ਸਿੰਘ ਨੇ ਇਸ ਦੀ ਸੂਚਨਾ ਆਪਣੇ ਪੁੱਤਰ ਨੂੰ ਦਿੱਤੀ। ਇਸ ਦੇ ਬਾਅਦ ਦੋਵੇਂ ਤੁਰੰਤ ਆਪਣੀ ਕਲੀਨਿਕ ‘ਤੇ ਪਹੁੰਚ ਗਏ।
ਜਦੋਂ ਡਾਕਟਰ ਗੁਰਚਰਨ ਸਿੰਘ ਨੇ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵਿਚ ਹੱਥੋਂਪਾਈ ਹੋ ਗਈ। ਇਸ ਦੇ ਬਾਅਦ ਗੁਰਚਰਨ ਸਿੰਘ ਨੇ ਆਪਣੀ ਲਾਇਸੈਂਸੀ ਬੰਦੂਕ ਕੱਢ ਲਈ। ਹੱਥੋਂਪਾਈ ਦੌਰਾਨ ਬੰਦੂਕ ਤੋਂ ਗੋਲੀ ਨਿਕਲੀ ਤੇ ਗੋਲੀ ਗੁਰਚਰਨ ਸਿੰਘ ਨੂੰ ਹੀ ਜਾ ਲੱਗੀ। ਉਹ ਜ਼ਮੀਨ ‘ਤੇ ਡਿੱਗ ਕੇ ਤੇ ਮੌਕੇ ‘ਤੇ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਦੇ ਬਾਅਦ ਚੋਰ ਭੱਜਣ ਲੱਗੇ।
ਕੁਝ ਦੂਰੀ ‘ਤੇ ਜਾ ਕੇ ਇਕ ਚੋਰ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਵਿਚ ਉਸ ਦੀ ਮੌਤ ਹੋ ਗਈ। ਮ੍ਰਿਤਕ ਚੋਰ ਦਾ ਸਾਥੀ ਉਸ ਨੂੰ ਸੰਭਾਲੇ ਬਿਨਾਂ ਉਥੋਂ ਫਰਾਰ ਹੋ ਗਿਆ। ਗੁਰਚਰਨ ਸਿੰਘ ਦੇ ਪੁੱਤਰ ਨੇ ਪਿਤਾ ਦੀ ਮੌਤ ਨੂੰ ਲੈ ਕੇ ਪੁਲਿਸ ਨੂੰ ਬੁਲਾਇਆ ਉਦੋਂ ਪੁਲਿਸ ਨੂੰ ਪਤਾ ਲੱਗਾ ਕਿ ਕੋਲ ਹੀ ਇਕ ਵਿਅਕਤੀ ਦੀ ਸੜਕ ਹਾਦਸੇ ਵਿਚ ਵੀ ਮੌਤ ਹੋਈ ਹੈ। ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਉਹੀ ਵਿਅਕਤੀ ਹੈ ਜੋ ਗੁਰਚਰਨ ਸਿੰਘ ਦੀ ਕਲੀਨਿਕ ਵਿਚ ਚੋਰੀ ਕਰਨ ਲਈ ਵੜਿਆ ਸੀ। ਮ੍ਰਿਤਕ ਦੀ ਪਛਾਣ ਜਲੰਧਰ ਦੇ ਕੰਡੋਲਾ ਵਾਸੀ ਕ੍ਰਿਸ਼ਨ ਕੁਮਾਰ (26) ਵਜੋੰ ਹੋਈ ਹੈ।
ਇਹ ਵੀ ਪੜ੍ਹੋ : SC ਦੀ ਹਾਈ ਪਾਵਰ ਕਮੇਟੀ ਨੇ ਡੱਲੇਵਾਲ ਨਾਲ ਕੀਤੀ ਮੁਲਾਕਾਤ, ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕੀਤੀ ਅਰਦਾਸ
ਡੀਐੱਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਘਟਨਾ ਐਤਵਾਰ ਰਾਤ ਡੇਢ ਤੋਂ 2 ਵਜੇ ਦੇ ਵਿਚ ਦੀ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਸੀ। ਭੱਜਣ ਵਾਲੇ ਚੋਰ ਦੀ ਪਛਾਣ ਕੀਤੀ ਜਾ ਰਹੀ ਹੈ। ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾਣਗੇ। ਸ਼ਿਕਾਇਤ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: