Doctor SP Dogra : ਜਲੰਧਰ : ਕੋਰੋਨਾ ਵਾਇਰਸ ਦਾ ਕਹਿਰ ਪੂਰੇ ਦੇਸ਼ ਵਿਚ ਜਾਰੀ ਹੈ। ਮਰੀਜ਼ਾਂ ਦੀ ਦੇਖਭਾਲ ਕਰਨ ਵਾਲੇ ਡਾਕਟਰ ਤੇ ਹੈਲਥ ਵਰਕਰ ਵੀ ਇਸ ਤੋਂ ਆਪਣੇ ਆਪ ਨੂੰ ਬਚਾ ਨਹੀਂ ਪਾ ਰਹੇ ਹਨ। ਇਸੇ ਦਾ ਸ਼ਿਕਾਰ ਹੋਏ ਜਲੰਧਰ ਦੇ ਮਾਈ ਹੀਰਾਂ ਗੇਟ, ਚਰਨਜੀਤ ਪੁਰਾ ਇਲਾਕੇ ਵਿਚ ਸਥਿਤ ਡੋਗਰਾ ਹਸਪਤਾਲ ਦੇ ਡਾਕਟਰ ਸਵਦੇਸ਼ਪ੍ਰੀਆ ਡੋਗਰਾ ਦੀ ਸੋਮਵਾਰ ਰਾਤ ਨੂੰ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ 74 mene ਡਾ. ਐਸ.ਪੀ. ਡੋਗਰਾ ਦੀ ਕੁਝ ਦਿਨ ਪਹਿਲਾਂ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਹਾਲਾਂਕਿ ਥੋੜ੍ਹੇ ਦਿਨਾਂ ਬਾਅਦ ਉਨ੍ਹਾਂ ਦੀ ਸਿਹਤ ਠੀਕ ਹੋ ਗਈ ਸੀ ਅਤੇ ਉਹ ਵਾਪਿਸ ਆਪਣੇ ਘਰ ਆ ਗਏ ਸਨ ਪਰ ਅਚਾਨਕ ਉਨ੍ਹਾਂ ਦੀ ਤਬੀਅਤ ਮੁੜ ਵਿਗੜ ਗਈ, ਜਿਸ ’ਤੇ ਉਨ੍ਹਾਂ ਨੂੰ ਫਿਰ ਮੋਹਾਲੀ ਦੇ ਹੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਅੱਜ ਸਵੇਰੇ ਡਾਕਟਰ ਡੋਗਰਾ ਦਾ ਹਰਨਾਮਦਾਸਪੁਰਾ ਸਥਿਤ ਸ਼ਮਸ਼ਾਨਘਾਟ ਵਿਚ ਸਸਕਾਰ ਕਰਕੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ।
ਕਹਿੰਦੇ ਹਨ ਕਿ ਡਾਕਟਰਾਂ ਦੇ ਦਿੱਤੇ ਹੌਸਲੇ ਨਾਲ ਮਰੀਜ਼ ਅੱਧਾ ਉਂਝ ਹੀ ਠੀਕ ਹੋ ਜਾਂਦਾ ਹੈ। ਇਸੇ ਤਰ੍ਹਾਂ ਦਾ ਹੀ ਸੁਭਾਅ ਸੀ ਡਾ. ਡੋਗਰਾ ਦਾ। ਉਹ ਆਪਣੇ ਡਾਕਟਰੀ ਪੇਸ਼ੇ ਨੂੰ ਪੂਰੀ ਤਰ੍ਹਾਂ ਸਮਰਪਿਤ ਸਨ, ਜਿਸ ਦੇ ਚੱਲਦਿਆਂ ਮਰੀਜ਼ ਉਨ੍ਹਾਂ ਦੇ ਇਲਾਜ ’ਤੇ ਪੂਰਾ ਭਰੋਸਾ ਕਰਦੇ ਸਨ ਅਤੇ ਉਨ੍ਹਾਂ ਦੇ ਕਲੀਨਿਕ ਵਿਚ ਵੱਡੀ ਗਿਣਤੀ ’ਚ ਮਰੀਜ਼ ਇਲਾਜ ਕਰਵਾਉਣ ਆਉਂਦੇ ਸਨ। ਦੱਸਣਯੋਗ ਹੈ ਕਿ ਡਾਕਟਰ ਡੋਗਰਾ ਨਾ ਸਿਰਫ ਡਾਕਟਰ ਸਗੋਂ ਇਕ ਸਮਾਜ ਸੇਵੀ ਵੀ ਸਨ। ਉਨ੍ਹਾੰ ਨੇ ਡਾਕਟਰਾਂ ਦੀ ਸੰਸਥਾ ਨੈਸ਼ਨਲ ਇੰਟਰਗਰੇਟਿਡ ਮੈਡੀਕਲ ਐਸੋਸੀਏਸ਼ਨ ’ਨੀਮਾ’ ਦੀ ਸਥਾਪਨਾ ਵਿਚ ਅਹਿਮ ਭੂਮਿਕਾ ਨਿਭਾਈ। ਉਹ ਇਸ ਸੰਸਥਾ ਦੇ ਪ੍ਰਧਾਨ ਵੀ ਰਹੇ। ਉਨ੍ਹਾਂ ਨੇ ਡਾਕਟਰੀ ਪੇਸ਼ੇ ਵਿਚ ਖੂਬ ਇੱਜ਼ਤ ਕਮਾਈ ਸੀ।