Dope tests were performed : ਪੰਜਾਬ ’ਚ ਹਥਿਆਰਾਂ ਦੇ ਲਾਇਸੈਂਸ ਲੈਣ ਲਈ ਡੋਪ ਡੈਸਟ ਕਰਵਾਉਣਾ ਜ਼ਰੂਰੀ ਹੈ। ਅਜਿਹੇ ’ਚ ਪੰਜਾਬ ਦੇ ਅੰਮ੍ਰਿਤਸਰ ਵਿਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਵਿਅਕਤੀ ਡੋਪ ਟੈਸਟ ਲਈ ਪੇਸ਼ਾਬ ਦੀ ਜਗ੍ਹਾ ਕੰਟੇਨਰ ਵਿਚ ਪਾਣੀ ਭਰ ਕੇ ਜ਼ਲ੍ਹਿਆਂਵਾਲਾ ਬਾਗ ਮੈਮੋਰੀਅਲ ਸਿਵਲ ਹਸਪਤਾਲ ਦੀ ਲੈਬ ਵਿਚ ਭੇਜ ਦਿੱਤਾ। ਜਾਂਚ ਦੌਰਾਨ ਮਾਮਲੇ ਦਾ ਖੁਲਾਸਾ ਹੋਇਆ। ਬਾਅਦ ਵਿਚ ਦੁਬਾਰਾ ਸੈਂਪਲ ਲੈ ਕੇ ਜਾਂਚ ਕੀਤੀ ਗਈ ਤਾਂ ਰਿਪੋਰਟ ਵਿਚ ਇਹ ਵਿਅਕਤੀ ਤਕੜਾ ’ਨਸ਼ੇੜੀ’ ਪਾਇਆ ਗਿਆ।
ਦੱਸਣਯੋਗ ਹੈ ਕਿ ਬੀਤੇ ਦੋ ਸਾਲਾਂ ਤੋਂ ਪੰਜਾਬ ਸਰਕਾਰ ਨੇ ਹਥਿਆਰ ਧਾਰਕਾਂ ਅਤੇ ਨਵੇਂ ਬਿਨੈਕਾਰਾਂ ਦਾ ਡੋਪ ਟੈਸਟ ਕੀਤੇ ਜਾ ਰਹੇ ਹਨ। ਮੰਗਲਵਾਰ ਨੂੰ ਸਿਵਲ ਹਸਪਤਾਲ ਵਿਚ ਵੱਲਾ ਨਿਵਾਸੀ ਅੰਮ੍ਰਿਤਪਾਲ ਸਿੰਘ ਡੋਪ ਟੈਸਟ ਕਰਵਾਉਣ ਆਇਆ। ਸਟਾਫ ਨੇ ਉਸ ਨੂੰ ਫਾਰਮ ਦੇ ਕੇ ਨਾਂ, ਪਤਾ ਤੇ ਮੋਬਾਈਲ ਨੰਬਰ ਭਰਨ ਲਈ ਕਿਹਾ। ਇਸ ਤੋਂ ਇਲਾਵਾ ਉਸ ਨੂੰ ਕੰਟੇਨਰ ਦਿੱਤਾ ਅਤੇ ਇਕ ਮੁਲਾਜ਼ਮ ਨੂੰ ਉਸ ਦੇ ਨਾਲ ਬਾਥਰੂਮ ਭੇਜਿਆ ਗਿਆ।
ਅੰਮ੍ਰਿਤਪਾਲ ਨੇ ਆਪਣੀ ਪੈਂਟ ਦੇ ਅੰਦਰ ਪਲਾਸਟਿਕ ਦੀ ਪਾਣੀ ਨਾਲ ਭਰੀ ਥੈਲੀ ਲਟਕਾਈ ਹੋਈ ਸੀ। ਉਸ ਨੇ ਬੜੀ ਚਲਾਕੀ ਨਾਲ ਮੁਲਾਜ਼ਮ ਨੂੰ ਚਕਮਾ ਦਿੰਦੇ ਹੋਏ ਕੰਟੇਨਰ ਵਿਚ ਪਾਣੀ ਭਰ ਦਿੱਤਾ। ਕੰਟੇਨਰ ਦੇ ਕੇ ਉਹ ਉਥੋਂ ਚਲਾ ਗਿਆ। ਜਦੋਂ ਕੰਟੇਨਰ ਤੋਂ ਸੈਂਪਲ ਲੈ ਕੇ ਜਾਂਚ ਨੂੰ ਮਸ਼ੀਨ ਵਿਚ ਲਗਾਇਆ ਗਿਆ ਤਾਂ ਸਟਾਫ ਨੂੰ ਸ਼ੱਕ ਹੋ ਗਿਆ। ਜਾਂਚ ਰਿਪੋਰਟ ਵਿਚ ਵੀ ਕੁਝ ਨਹੀਂ ਨਿਕਲਿਆ। ਸਟਾਫ ਨੇ ਅੰਮ੍ਰਿਤਪਾਲ ਨੂੰ ਫੋਨ ਕਰੇਕ ਦੁਬਾਰਾ ਲੈਬ ਆਉਣ ਲਈ ਕਿਹਾ। ਪਹਿਲਾਂ ਤਾਂ ਉਹ ਆਉਣ ਤੋਂ ਇਨਕਾਰ ਕਰਦਾ ਰਿਹਾ ਪਰ ਜਦੋਂ ਸਟਾਫ ਨੇ ਕਿਹਾ ਕਿ ਉਸ ਦੀ ਰਿਪੋਰਟ ਠੀਕ ਨਹੀਂ ਹੈ ਤਾਂ ਉਹ ਆ ਗਿਆ, ਜਿਸ ਤੋਂ ਬਾਅਦ ਸਾਰਾ ਭੇਤ ਖੁੱਲ੍ਹਿਆ।