Double suicide case in Amritsar : ਅੰਮ੍ਰਿਤਸਰ : ਜ਼ਿਲ੍ਹੇ ਦੇ ਨਵਾਂ ਪਿੰਡ ਵਿੱਚ ਦੇ ਗਹਿਣਿਆਂ ਦੇ ਕਾਰੋਬਾਰੀ ਅਤੇ ਉਸ ਦੀ ਪਤਨੀ ਵੱਲੋਂ ਖੁਦਕੁਸ਼ੀ ਮਾਮਲੇ ਵਿੱਚ ਵੱਡੀ ਕਾਰਵਾਈ ਹੋਈ ਹੈ, ਜਿਥੇ ਜ਼ਿਲ੍ਹਾ ਦਿਹਾਤੀ ਦੇ ਐਸਐਸਪੀ ਵੱਲੋਂ ਸਬ-ਇੰਸਪੈਕਟਰ ਸੰਦੀਪ ਕੌਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਹਾਲਾਂਕਿ ਸੰਦੀਪ ਅਜੇ ਤੱਕ ਲਾਪਤਾ ਹੈ। ਦੱਸ ਦੇਈਏ ਕਿ ਇਹ ਮਾਮਲਾ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ। ਬੀਤੇ ਦਿਨ ਆਪਣੇ ਮਾਂਪਿਆਂ ਦੀ ਖੁਦਕੁਸ਼ੀ ਦਾ ਦੁੱਖ ਝੱਲ ਰਹੀ ਧੀ ਨੇ ਮੁੱਖ ਮੰਤਰੀ ਨੂੰ ਗੁਹਾਰ ਲਗਾਈ ਸੀ, ਉਸ ਨੇ ਕਿਹਾ ਸੀ ਕਿ ਐਸਆਈ ਸੰਦੀਪ ਕੌਰ ਕਾਰਨ ਉਸ ਦੇ ਮਾਪਿਆਂ ਦੀ ਜਾਨ ਗਈ ਹੈ। ਜਿਸ ‘ਤੇ ਕੈਪਟਨ ਨੇ ਉਸ ਨੂੰ ਫੋਨ ‘ਤੇ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਸੀ। ਇਸ ਮਾਮਲੇ ਦੀ ਜਾਂਚ ਐਸਆਈਟੀ ਵੱਲੋਂ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਇਸ ਮਾਮਲੇ ਵਿੱਚ ਐਸਐਚਓ ਇੰਸਪੈਕਟਰ ਸਤਪਾਲ ਸਿੰਘ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਹੁਣ ਮਾਮਲੇ ਦੀ ਅਗਵਾਈ ਐਸਪੀ ਗੌਰਵ ਤੁਰਰਾ ਵੱਲੋਂ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਦਸ ਦਿਨ ਪਹਿਲਾਂ ਇੱਕ ਗਹਿਣਿਆਂ ਦੇ ਕਾਰੋਬਾਰੀ ਬਿਕਰਮਜੀਤ ਸਿੰਘ ਵਿੱਕੀ ਨੇ ਇੱਕ ਨਿੱਜੀ ਹੋਟਲ ਵਿੱਚ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਸੀ ਅਤੇ ਉਸ ਨੇ ਮਰਨ ਤੋਂ ਪਹਿਲਾਂ ਇੱਕ ਵੀਡੀਓ ਬਣਾ ਕੇ ਅਤੇ ਲਿਖੇ ਸੁਸਾਈਡ ਨੋਟ ਵਿੱਚ ਸਬ-ਇੰਸਪੈਕਟਰ ਸੰਦੀਪ ਕੌਰ ਦਾ ਨਾਂ ਲਿਆ ਸੀ ਕਿ ਉਹ ਉਸ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਰਿਹਾ ਹੈ। ਉਸ ਨੇ ਦੱਸਿਆ ਸੀ ਕਿ ਉਹ ਉਸ ਨੂੰ ਬਲੈਕਮੇਲ ਕਰ ਰਹੀ ਹੈ ਅਤੇ ਧਮਕੀਆਂ ਦੇ ਰਹੀ ਹੈ, ਜਿਸ ਕਾਰਨ ਉਹ ਖੁਦਕੁਸ਼ੀ ਕਰ ਰਿਹਾ ਹੈ। ਉਸ ਤੋਂ ਅਗਲੇ ਹੀ ਦਿਨ ਉਸ ਦੀ ਪਤਨੀ ਨੇ ਵੀ ਖੁਦਕੁਸ਼ੀ ਕਰ ਲਈ ਸੀ।