Dr Oberoi repatriated : ਚੰਡੀਗੜ੍ਹ : ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਇੱਕ ਵਾਰ ਫਿਰ ਯੂ.ਏ.ਈ.ਅੰਦਰ ਫਸੇ ਨੌਜਵਾਨਾਂ ਦੀ ਵਤਨ ਵਾਪਸੀ ਕਰਵਾਈ। ਬੀਤੇ ਦਿਨ ਉਨ੍ਹਾਂ ਵੱਲੋਂ ਬੁੱਕ ਕੀਤਾ ਚੌਥੇ ਵਿਸ਼ੇਸ਼ ਸਾਲਮ (ਚਾਰਟਰਡ) ਜਹਾਜ਼ ਚੰਡੀਗੜ੍ਹ ਪਰਤਿਆ, ਜਿਸ ਵਿਚ 6 ਹਰਿਆਣਾ ਤੇ 8 ਹਿਮਾਚਲ ਨਾਲ ਸਬੰਧਤ ਲੋਕ ਵੀ ਹਨ। ਵਾਪਿਸ ਪਰਤਨ ਵਾਲੇ ਲੋਕਾਂ ਵਿਚੋਂ ਕੁਝ ਨੇ ਖੁਦ ਆਪਣੀ ਟਿਕਟ ਦੇ ਪੈਸੇ ਖਰਚੇ ਹਨ, ਜਦਕਿ ਕੁਝ ਵੱਲੋਂ ਟਿਕਟ ਦਾ 30 ਤੋਂ 50 ਫੀਸਦੀ ਖਰਚਾ ਦਿੱਤਾ ਗਿਆ ਹੈ ਪਰ ਇਨ੍ਹਾਂ ਵਿਚ ਵਧੇਰੇ ਗਿਣਤੀ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਦੀ ਟਿਕਟ ਦਾ ਸਾਰਾ ਖਰਚਾ ਟਰੱਸਟ ਵੱਲੋਂ ਕੀਤਾ ਗਿਆ ਹੈ।
ਇਹ ਜਾਣਕਾਰੀ ਸਾਂਝੀ ਕਰਦਿਆਂ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਵਾਪਿਸ ਪਰਤੇ ਲੋਕਾਂ ਦਾ ਕੋਰੋਨਾ ਟੈਸਟ ਕਰਵਾਉਣ ਦਾ ਖਰਚਾ ਵੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੀਤਾ ਗਿਆ ਹੈ। ਚੰਡੀਗੜ੍ਹ ਪਹੁੰਚੇ ਜਿਨ੍ਹਾਂ ਵਿਅਕਤੀਆਂ ਕੋਲ ਘਰ ਜਾਣ ਦੇ ਪੈਸੇ ਵੀ ਨਹੀਂ ਸਨ, ਉਨ੍ਹਾਂ ਨੂੰ ਵੀ ਟਰੱਸਟ ਵੱਲੋਂ ਖਰਚਾ ਦੱਤਾ ਗਿਆ ਹੈ। ਦੱਸਣਯੋਗ ਹੈ ਕਿ ਡਾ. ਓਬਰਾਏ ਨੇ ਚਾਰ ਚਾਰਟਰਡ ਜਹਾਜ਼ਾਂ ਰਾਹੀਂ ਸੈਂਕੜੇ ਅਜਿਹੇ ਨੌਜਵਾਨਾਂ ਦੀ ਭਾਰਤ ਵਾਪਸੀ ਕਰਵਾਈ ਹੈ, ਜਿਸ ’ਤੇ ਸਰਕਾਰਾਂ ਵੀ ਹੈਰਾਨ ਹੈ ਅਤੇ ਹਰ ਭਾਰਤੀ ਨੂੰ ਇਸ ਸਰਦਾਰ ’ਤੇ ਮਾਣ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਕਾਰਨ ਅਰਬ ਦੇਸ਼ਾਂ ਅੰਦਰ ਹਜ਼ਾਰਾਂ ਹੀ ਅਜਿਹੇ ਭਾਰਤੀ ਫਸੇ ਹੋਏ ਹਨ ਜੋ ਆਪਣੇ ਦੇਸ਼ ਆਉਣ ਲਈ ਤਰਲੋਮੱਛੀ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਉੱਥੇ ਫਸੇ ਲੋਕ ਚਾਰ ਵੱਖ-ਵੱਖ ਵਰਗਾਂ ਨਾਲ ਸਬੰਧਤ ਹਨ ਅਤੇ ਉਹ ਵਰਗ ਜੋ ਸਭ ਤੋੰ ਵੱਧ ਗਿਣਤੀ ਭਾਵ ਹਜ਼ਾਰਾਂ ‘ਚ ਹੈ,ਉਹ ਅਜਿਹੇ ਕਾਮੇ ਹਨ ਜੋ ਕਰੋਨਾ ਮਹਾਂਮਾਰੀ ਦੌਰਾਨ ਕੰਪਨੀਆਂ ਬੰਦ ਹੋਣ ਕਾਰਨ ਸੜਕਾਂ ‘ਤੇ ਆ ਚੁੱਕੇ ਹਨ ਉਨ੍ਹਾਂ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਉਹ ਦੋ ਵਕਤ ਦੀ ਰੋਟੀ ਨੂੰ ਵੀ ਤਰਸ ਰਹੇ ਹਨ।