Dr SP Oberoi returns home : ਅੰਮ੍ਰਿਤਸਰ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ, ਜੋਕਿ ਮਸ਼ਹੂਰ ਸਮਾਜ ਸੇਵੀ ਤੇ ਦੁਬਈ ਦੇ ਉੱਘੇ ਕਾਰੋਬਾਰੀ ਵੀ ਹਨ, ਕੋਰੋਨਾ ਨੂੰ ਮਾਤ ਦੇ ਕੇ ਘਰ ਪਰਤ ਆਏ ਹਨ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਡਾ. ਓਬਰਾਏ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਚ ਦਾਖਲ ਕੀਤਾ ਗਿਆ ਸੀ, ਜਿਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਸੀ। ਅੱਜ ਉਨ੍ਹਾਂ ਦੀ ਰਿਪੋਰਟ ਕੋਰੋਨਾ ਨੈਗੇਟਿਵ ਆਉਣ ’ਤੇ ਉਨ੍ਹਾਂ ਨੂੰ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਡਾ.ਐੱਸ.ਪੀ.ਸਿੰਘ ਓਬਰਾਏ ਨੇ ਕੋਰੋਨਾ ਮਹਾਮਾਰੀ ਦੌਰਾਨ ਦੁਬਈ ’ਚ ਫਸੇ ਵੱਡੇ ਗਿਣਤੀ ਵਿੱਚ ਨੌਜਵਾਨਾਂ ਨੂੰ ਆਪਣੇ ਖਰਚੇ ’ਤੇ ਦੇਸ਼ ਵਾਪਸੀ ਕਰਵਾਈ। ਉਹ ਹਰ ਵੇਲੇ ਲੋਕਾਂ ਦੀ ਮਦਦ ਲਈ ਤਿਆਰ ਰਹਿੰਦੇ ਹਨ। ਉੱਘੇ ਸਮਾਜ ਸੇਵੀ ਡਾ. ਓਬਰਾਏ ਨੇ ਦੋ ਲੱਖ ਤੋਂ ਵਧੇਰੇ ਲੋਕਾਂ ਦੀ ਮਦਦ ਕੀਤੀ, ਜੋਕਿ ਕੋਰੋਨਾ ਮਹਾਮਾਰੀ ਕਾਰਨ ਬੇਰੋਜ਼ਗਾਰ ਹੋ ਗਏ ਸਨ। ਉਨ੍ਹਾਂ ਨੇ ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜਾਂ, ਹਸਪਤਾਲਾਂ, ਹਵਾਈ ਅੱਡਿਆਂ, ਬੀ.ਐੱਸ.ਐੱਫ਼. ਤੋਂ ਇਲਾਵਾ ਸਮੁੱਚੇ ਜ਼ਿਲ੍ਹਿਆਂ ਦੇ ਸਿਵਲ, ਸਿਹਤ ਤੇ ਪੁਲਿਸ ਪ੍ਰਸ਼ਾਸਨ ਨੂੰ ਵੱਡੀ ਗਿਣਤੀ ਵਿੱਚ ਜ਼ਰੂਰਤ ਦਾ ਸਾਮਾਨ ਮੁਹੱਈਆ ਕਰਵਾਇਆ।
ਦੱਸ ਦੇਈਏ ਕਿ ਬੀਤੀ 4 ਅਕਤੂਬਰ ਨੂੰ ਡਾਕਟਰ ਓਬਰਾਏ ਦੇ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ। ਉਨ੍ਹਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦਾ ਪਤਾ ਲੱਗਦੇ ਹੀ ਲੋਕਾਂ ਵੱਲੋਂ ਉਨ੍ਹਾਂ ਦੀ ਸਿਹਤਯਾਬੀ ਦੀਆਂ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ। ਉਨ੍ਹਾਂ ਨੇ ਆਪਣੇ ਆਪ ਨੂੰ ਪੀਜੀਆਈ ਹਸਪਤਾਲ ਵਿੱਚ ਆਈਸੋਲੇਟ ਕਰ ਲਿਆ ਸੀ। ਜਿਥੇ ਅੱਜ ਸਾਰਿਆਂ ਦੀਆਂ ਦੁਆਵਾਂ ਨਾਲ ਉਹ ਸਿਹਤਯਾਬ ਹੋ ਕੇ ਘਰ ਨੂੰ ਪਰਤ ਗਏ।