DR SP Oberoi will be honored : ਚੰਡੀਗੜ੍ਹ : ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੂੰ 16 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ। ਇਹ ਫੈਸਲਾ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਚੰਡੀਗੜ੍ਹ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 350 ਸਾਲਾਂ ਜਨਮ ਉਤਸਵ ਸਮਾਗਮ ਦੀ ਰੂਪ ਰੇਖਾ ਤਿਆਰ ਕਰਨ ਲਈ ਕੀਤੀ ਗਈ ਮੀਟਿੰਗ ਦੌਰਾਨ ਲਿਆ। ਇਸ ਦੇ ਨਾਲ ਹੀ ਮੀਟਿੰਗ ਵਿਚ ਚੰਡੀਗੜ੍ਹ ਏਅਰਪੋਰਟ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ‘ਤੇ ਰੱਖਣ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਚਪੜਚਿੜੀ ਦੇ ਇਤਿਹਾਸਿਕ ਮੈਦਾਨ ਮੌਜੂਦਾ ਚੰਡੀਗੜ੍ਹ ਏਅਰਪੋਰਟ ਦੀ ਜ਼ਮੀਨ ਵਿੱਚ ਹੀ ਸ਼ਾਮਿਲ ਹੈ ਅਤੇ ਇਸੇ ਧਰਤੀ ‘ਤੇ ਵਜੀਰ ਖਾਂ ਦਾ ਖਾਤਮਾ ਕਰਕੇ ਪਹਿਲੇ ਸਿੱਖ ਲੋਕ ਰਾਜ ਦੀ ਨੀਹ ਰੱਖੀ ਸੀ।
ਮੀਟਿੰਗ ਵਿਚ ਕਿਹਾ ਗਿਆ ਕਿ ਸ. ਓਬਰਾਏ ਦਾ ਸਿੱਖਿਆ, ਸੱਭਿਆਚਾਰ, ਧਾਰਮਿਕ, ਪ੍ਰਵਾਸੀ ਪੰਜਾਬੀਆਂ ਲਈ ਅਤੇ ਇਤਿਹਾਸ ਨੂੰ ਸਾਂਭਣ ਲਈ ਪ੍ਰਸ਼ੰਸਾਯੋਗ ਉਪਰਾਲਾ ਹੈ ਜਿਸ ‘ਤੇ ਸਮੂਹ ਪੰਜਾਬੀਆਂ ਨੂੰ ਮਾਣ ਹੈ। ਦੱਸਣਯੋਗ ਹੈ ਕਿ ਡਾ. ਐਸ. ਪੀ. ਓਬਰਾਏ ਨੇ ਕਈ ਵਾਰ ਵਿਦੇਸ਼ ਵਿਚ ਫਸੇ ਨੌਜਵਾਨਾਂ ਨੂੰ ਆਪਣੇ ਨਿੱਜੀ ਖਰਚੇ ’ਤੇ ਦੇਸ਼ ਵਾਪਸੀ ਕਰਵਾਈ ਹੈ, ਜਿਸ ਲਈ ਉਨ੍ਹਾਂ ਨੇ ਸਰਕਾਰ ਤੋਂ ਵੀ ਕੋਈ ਮਦਦ ਨਹੀਂ ਲਈ। ਡਾ. ਓਬਰਾਏ ਦੁਬਈ ਦੇ ਇਕ ਉੱਘੇ ਕਾਰੋਬਾਰੀ ਅਤੇ ਸਰਬੱਤ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਵੀ ਹਨ। ਉਨ੍ਹਾਂ ਨੇ ਦੁਬਈ ਵਿਚ ਬੇਰੋਜ਼ਗਾਰ ਕਾਮਿਆਂ ਨੂੰ ਉਥੇ ਵੀ ਮਦਦ ਮੁਹੱਈਆ ਕਰਵਾਉਂਦੇ ਹਨ।
ਦੱਸਣਯੋਗ ਹੈ ਕਿ ਇਸ ਮੀਟਿੰਗ ਦੀ ਪ੍ਰਧਾਨਗੀ ਕ੍ਰਿਸ਼ਨ ਕੁਮਾਰ ਬਾਵਾ ਵੱਲੋਂ ਕੀਤੀ ਗਈ, ਜਿਸ ਵਿੱਚ ਫਾਊਂਡੇਸ਼ਨ ਦੇ ਹਰਿਆਣਾ ਦੇ ਪ੍ਰਧਾਨ ਉਮਰਾਉ ਸਿੰਘ ਛੀਨਾ, ਚੰਡੀਗੜ੍ਹ ਦੇ ਫਾਊਂਡੇਸ਼ਨ ਦੇ ਪ੍ਰਧਾਨ ਹਰਿੰਦਰ ਸਿੰਘ ਹੰਸ, ਚੇਅਰਮੈਨ ਜਗਮੋਹਣ ਸਿੰਘ ਬਰਾੜ, ਫਾਊਂਡੇਸ਼ਨ ਦੇ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਅਮਰਜੀਤ ਸਿੰਘ ਓਬਰਾਏ ਵਿਸ਼ੇਸ਼ ਰੂਪ ਵਿੱਚ ਹਾਜਰ ਹੋਏ।