Drivers and conductors will also : ਚੰਡੀਗੜ੍ਹ : ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਰਮਿਆਨ ਟਰਾਂਸਪੋਰਟ ਵਿਭਾਗ ਨੇ ਆਪਣੇ ਮੁਲਾਜ਼ਮਾਂ ’ਤੇ ਮਾਸਕ ਪਹਿਨਣ ਨੂੰ ਲੈ ਕੇ ਸਖਤੀ ਵਧਾ ਦਿੱਤੀ ਹੈ। ਇਸ ਅਧੀਨ ਮੁਲਾਜ਼ਮ ਖੁਦ ਤਾਂ ਮਾਸਕ ਪਹਿਨਣਗੇ ਹੀ, ਜੇਕਰ ਬੱਸ ਵਿੱਚ ਦੂਸਰੇ ਲੋਕਾਂ ਨੇ ਵੀ ਮਾਸਕ ਨਾ ਪਹਿਨਿਆ ਹੋਇਆ ਇਸ ’ਤੇ ਵੀ ਡਰਾਈਵਰ ਅਤੇ ਕੰਡਕਟਰ ’ਤੇ ਕਾਰਵਾਈ ਹੋਵੇਗੀ। ਦੱਸਣਯੋਗ ਹੈ ਕਿ ਸਰਕਾਰ ਵੱਲੋਂ ਬੱਸਾਂ ਚਲਾਉਣ ਦੀ ਮਨਜ਼ੂਰੀ ਦੇਣ ਵੇਲੇ ਇਹ ਤੈਅ ਕੀਤਾ ਸੀ ਕਿ ਬੱਸਾਂ ਵਿੱਚ ਬੈਠੇ ਮੁਸਾਫਰਾਂ ਦਾ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ, ਜਿਸ ਦੇ ਲਈ ਵਿਭਾਗ ਵੱਲੋਂ ਚੈਕਿੰਗ ਸ਼ੁਰੂ ਕੀਤੀ ਗਈ ਸੀ। ਪਰ ਹੁਣ ਵਿਭਾਗ ਕੁਝ ਅਜਿਹਾ ਕਰਨ ਦੀ ਤਿਆਰੀ ਕਰ ਰਿਹਾ ਹੈ ਕਿ ਬੱਸਾਂ ਵਿੱਚ ਇਸ ਗੱਲ ਦੀ ਇਕ-ਦੋ ਨਹੀਂ ਸਗੋਂ ਕਈ ਜਗ੍ਹਾ ਚੈਕਿੰਗ ਕੀਤੀ ਜਾਵੇਗੀ, ਤਾਂਜੋ ਅਜਿਹੇ ਲੋਕਾਂ ਨੂੰ ਫੜਿਆ ਜਾ ਸਕੇ।
ਵਿਭਾਗ ਦੇ ਇੰਸਪੈਕਟਰਾਂ ਦੀ ਟੀਮ ਇੱਕ ਜਗ੍ਹਾ ’ਤੇ ਰੋਜ਼ਾਨਾ ਚੇਕਿੰਗ ਨਹੀਂ ਕਰੇਗੀ। ਇਸ ਨਾਲ ਬੱਸ ਡਰਾਈਵਰ ਨੂੰ ਵੀ ਪਤਾ ਨਹੀਂ ਲੱਗ ਸਕੇਗਾ ਕਿ ਚੈਕਿੰਗ ਕਿਸ ਜਗ੍ਹਾ ਅਤੇ ਕਿਸ ਸਮੇਂ ਹੋਵੇਗੀ। ਇਸ ਦੇ ਲਈ ਵਿਭਾਗ ਦੇ ਮੁਲਾਜ਼ਮਾਂ ਨੂੰ ਖਾਸ ਤੌਰ ’ਤੇ ਹਿਦਾਇਤ ਦਿੱਤੀ ਗਈ ਹੈ। ਚੈਕਿੰਗ ਟੀਮ ਦੂਸਰੇ ਜ਼ਿਲ੍ਹਿਆਂ ਦੀ ਚੈਕਿੰਗ ਟੀਮ ਨਾਲ ਵੀ ਸੰਪਰਕ ਵਿੱਚ ਰਹੇਗੀ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਿਹੜੀਆਂ ਬੱਸਾਂ ਦੀ ਚੈਕਿੰਗ ਹੋ ਚੁੱਕੀ ਹੈ, ਤਾਂ ਜੋ ਬੱਸ ਯਾਤਰੀਆਂ ਨੂੰ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ। ਉਥੇ ਹੀ ਲੰਬੇ ਰੂਟ ’ਤੇ 4 ਅਤੇ ਛੋਟੇ ਰੂਟਾਂ ’ਤੇ ਰੋਜ਼ਾਨਾ ਦੋ ਵਾਰ ਚੈਕਿੰਗ ਹੋਵੇਗੀ। ਇਸ ਵਿੱਚ ਵਿਭਾਗ ਦੇ ਇੰਸਪੈਕਟਰ ਬਿਨਾਂ ਟਿਕਟ ਯਾਤਰੀਆਂ ਤੋਂ ਇਲਾਵਾ ਮਾਸਕ ਵੀ ਚੈੱਕ ਕਰਨਗੇ। ਬਿਨਾਂ ਮਾਸਕ ਮਿਲਣ ’ਤੇ ਯਾਤਰੀਆਂ ਨੂੰ 500 ਰੁਪਏ ਜੁਰਮਾਨਾ ਵੀ ਵਸੂਲਿਆਂ ਜਾਏਗਾ।
ਬੱਸ ਵਿੱਚ ਬਿਨਾਂ ਮਾਸਕ ਲਗਾਏ ਜੇਕਰ ਕੋਈ ਯਾਤਰੀ ਮਿਲਿਆ ਤਾਂ ਡਰਾਈਵਰ ਅਤੇ ਕੰਡਕਟਰ ਨੂੰ ਜਵਾਬ ਦੇਣਾ ਹੋਵੇਗਾ। ਯਾਤਰੀ ਤੋਂ ਤਾਂ ਜੁਰਮਾਨਾ ਵਸੂਲਿਆ ਜਾਵੇਗਾ ਪਰ ਡਰਾਈਵਰ ਅਤੇ ਕੰਡਰਟਰ ਦਾ ਕਸੂਰ ਮਿਲਿਆ ਤਾਂ ਵਿਭਾਗੀ ਕਾਰਵਾਈ ਹੋਵੇਗੀ। ਜ਼ਿਕਰਯੋਗ ਹੈ ਕਿ ਹੁਣ ਸੂਬੇ ਵਿੱਚ ਚੱਲਣ ਵਾਲੀਆਂ ਪ੍ਰਾਈਵੇਟ ਬੱਸਾਂ ਵਿੱਚ ਵੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਮਾਸਕ ਪਹਿਨਣ ਨੂੰ ਲੈ ਕੇ ਵਿਭਾਗ ਸਖਤ ਹੋ ਗਿਆ ਹੈ। ਵਿਭਾਗ ਦੇ ਸਾਹਮਣੇ ਆਇਆ ਹੈ ਕਿ ਕਈ ਰੂਟਾਂ ’ਤੇ ਬੱਸਾਂ ਵਿੱਚ ਮੁਸਾਫਰ ਮਾਸਕ ਨਹੀਂ ਪਹਿਨਦੇ। ਹੁਣ ਵਿਭਾਗ ਇਨ੍ਹਾਂ ਪ੍ਰਾਈਵੇਟ ਬੱਸਾਂ ਵਿੱਚ ਵੀ ਮਾਸਕ ਪਹਿਨਣ ਵਾਲਿਆਂ ’ਤੇ ਸ਼ਿਕੰਜਾ ਕਸੇਗਾ। ਇਨ੍ਹਾਂ ਬੱਸਾਂ ਵਿੱਚ ਵੀ ਸਰਕਾਰੀ ਬੱਸਾਂ ਵਾਂਗ ਚੈਕਿੰਗ ਕੀਤੀ ਜਾਏਗੀ।