DSGPC files case : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਤੇ ਦੁਨੀਆਂ ਭਰ ਵਿਚ ਵੱਖ-ਵੱਖ ਧਾਰਮਿਕ ਫਿਰਕਿਆਂ ਦਰਮਿਆਨ ਨਫਰਤ ਫੈਲਾਉਣ ਵਾਲੇ ਇਕ ਸ਼ਰਾਰਤੀ ਅਨਸਰ ਖਿਲਾਫ ਪੁਲਿਸ ਵਿਚ ਕੇਸ ਦਰਜ ਕਰਵਾਇਆ ਹੈ। ਰਾਘਵ ਗੌਤਮ ਨਾਂ ਦੇ ਇਸ ਵਿਅਕਤੀ ਨੇ ਫੇਸਬੁੱਕ ਬਹੁਤ ਹੀ ਇਤਰਾਜ਼ਯੋਗ ਸੰਦੇਸ਼ ਪਾਏ ਹੋਏ ਸਨ, ਜਿਸ ਨਾਲ ਵੱਖ-ਵੱਖ ਫਿਰਕਿਆਂ ਵਿਚ ਨਫਰਤ ਦੀ ਭਾਵਨਾ ਪੈਦਾ ਹੋ ਸਕਦੀ ਹੈ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ, ਜਿਸ ਦੇ ਚੱਲਦਿਆਂ DSGPC ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਐਸ ਐਚ ਓ ਪੁਲਿਸ ਥਾਣਾ ਨਾਰਥ ਅਵੈਨਿਊ ਨਵੀਂ ਦਿੱਲੀ ਵਿਖੇ ਸ਼ਿਕਾਇਤ ਦਰਜ ਕਰਵਾ ਕੇ ਰਾਘਵ ਖਿਲਾਫ ਧਾਰਾ 295 ਏ, 153 ਏ, 499, 500, 501 ਅਤੇ ਆਈ ਟੀ ਐਕਟ ਦੀਆਂ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਨ ਲਈ ਕਿਹਾ ਹੈ।
ਸਿਰਸਾ ਕਿਹਾ ਇਸ ਵਿਅਕਤੀ ਨੇ ਫੇਸਬੁੱਕ ‘ਤੇ ਸ੍ਰੀ ਹਰਿਮੰਦਿਰ ਸਾਹਿਬ ਬਾਰੇ ਬਹੁਤ ਹੀ ਘਟੀਆ ਤੇ ਮੰਦੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਟਿੱਪਣੀਆਂ ਕੀਤੀਆਂ ਹਨ ਤੇ ਸ੍ਰੀ ਦਰਬਾਰ ਸਾਹਿਬ ਬਾਰੇ ਇਤਿਹਾਸ ਨੂੰ ਤੋੜ ਮਰੋੜ ਕੇ ਝੂਠ ਬੋਲਕੇ ਨਫਰਤ ਫੈਲਾਈ ਹੈ। ਇਸਦੇ ਖਿਲਾਫ ਕਾਰਵਾਈ ਨਾ ਕਰਨ ਦੀ ਸਥਿਤੀ ਵਿਚ ਸਾਰੇ ਸਿੱਖ ਭਾਈਚਾਰੇ ਲਈ ਅਮਨ ਕਾਨੂੰਨ ਦੀ ਸਥਿਤੀ ਭੰਗ ਹੋ ਸਕਦੀ ਹੈ।
ਸਿਰਸਾ ਨੇ ਕਿਹਾ ਕਿ ਇਸਦੇ ਗਲਤ ਅਤੇ ਭੜਕਾਊ ਟਿੱਪਣੀਆਂ ਨਾਲ ਦਿੱਲੀ ਦੇ ਨਾਲ ਭਾਰਤ ਵਿਚ ਵੀ ਦੰਗੇ ਭੜਕ ਸਕਦੇ ਸਨ ਤੇ ਇਸਦੀ ਮਨਸ਼ਾ ਅਜਿਹੇ ਹਾਲਾਤ ਪੈਦਾ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਫੇਸਬੁੱਕ ‘ਤੇ ਰਾਘਵ ਅਤੇ ਇਸਦੇ ਫਾਲੋਅਰਜ਼ ਦੀਆਂ ਟਿੱਪਣੀਆਂ ਦੱਸ ਰਹੀਆਂ ਹਨ ਕਿ ਜੇਕਰ ਇਸ ਖਿਲਾਫ ਕਾਰਵਾਈ ਨਾ ਹੋਈ ਤਾਂ ਹਾਲਾਤ ਵੱਸੋਂ ਬਾਹਰ ਹੋ ਸਕਦੇ ਹਨ। ਉਨ੍ਹਾਂ ਵੱਖ-ਵੱਖ ਫਿਰਕਿਆਂ ਵਿਚ ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਲਈ ਉਸ ’ਤੇ ਕਾਰਵਾਈ ਕਰਨ ਦੀ ਅਪੀਲ ਕੀਤੀ।