DSGPC President Sirsa : ਨਵੀਂ ਦਿੱਲੀ : ਪੱਛਮੀ ਬੰਗਾਲ ਵਿੱਚ ਕੋਲਕਾਤਾ ਵਿੱਚ ਇੱਕ ਭਾਜਪਾ ਆਗੂ ਦੇ ਸਕਿਓਰਿਟੀਗਾਰਡ ਸਿੱਖ ਬਲਵਿੰਦਰ ਸਿੰਘ ਨਾਲ ਮਾਰਕੁੱਟ ਕਰਨ ਅਤੇ ਉਸ ਦੀ ਪੱਗ ਦੀ ਬੇਅਦਬੀ ਕਰਨ ਦੇ ਮਾਮਲੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਅਤੇ ਬਲਵਿੰਦਰ ਸਿੰਘ ਦੀ ਰਿਹਾਈ ਦੀ ਮੁੱਖ ਮੰਤਰੀ ਵੱਲੋਂ ਮੰਗ ਕੀਤੀ ਜਾ ਰਹੀ ਹੈ। ਇਸੇ ਦੇ ਚੱਲਦਿਆਂ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਵਫ਼ਦ ਅੱਜ ਐਤਵਾਰ ਨੂੰ ਕੋਲਕਾਤਾ ਪਹੁੰਚ ਗਿਆ ਹੈ।
ਵਫ਼ਦ ਵੱਲੋਂ ਬਲਵਿੰਦਰ ਸਿੰਘ ਨਾਲ ਥਾਣੇ ਵਿੱਚ ਮੁਲਾਕਾਤ ਕੀਤੀ ਜਾ ਰਹੀ ਹੈ ਜਦਕਿ 4 ਵਜੇ ਵਫ਼ਦ ਰਾਜਪਾਲ ਜਗਦੀਪ ਧਨਖ਼ੜ ਨਾਲ ਮੁਲਾਕਾਤ ਕਰਕੇ ਇਨਸਾਫ਼ ਦੀ ਮੰਗ ਕਰੇਗਾ। ਦੁਪਹਿਰ 12.30 ਵਜੇ ਕੋਲਕਾਤਾ ਵਿਖੇ ਪੁੱਜੇ ਸ: ਸਿਰਸਾ ਅਤੇ ਹੋਰ ਆਗੂ ਹਾਵੜਾ ਪੁਲਿਸ ਸਟੇਸ਼ਨ ਗਏ ਹਨ ਜਿੱਥੇ ਬਲਵਿੰਦਰ ਸਿੰਘ ਨੂੰ ਰੱਖ਼ਿਆ ਗਿਆ ਹੈ। ਸਿਰਸਾ ਦਾ ਕਹਿਣਾ ਹੈ ਕਿ ਉਹ ਰਾਜਪਾਲ ਬਲਵਿੰਦਰ ਸਿੰਘ ਨੂੰ ਰਿਹਾਅ ਕਰਨ ਅਤੇ ਉਸ ਉੱਤੇ ਹਮਲਾ ਕਰਕੇ ਪਗੜੀ ਅਤੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਵੀਰਵਾਰ ਨੂੰ ਬੰਗਾਲ ਦੇ ਕੋਲਕਾਤਾ ਨਾਲ ਲੱਗੇ ਹਾਵੜਾ ਵਿੱਚ ਪੁਲਿਸ ਨਾਲ ਝੜਪ ਦੌਰਾਨ ਸੁਰੱਖਿਆ ਗਾਰਡ ਬਲਵਿੰਦਰ ਸਿੰਘ ਦਾ ਨਾਂ ਦੇ ਇੱਕ ਵਿਅਕਤੀ ਦੀ ਦਸਤਾਰ ਲਾਹ ਕੇ ਵਾਲਾਂ ਤੋਂ ਘਸੀਟਿਆ ਗਿਆ, ਜਿਸ ਦੀ ਸ਼ੁੱਕਰਵਾਰ ਨੂੰ ਇੱਕ ਵੀਡੀਓ ਵਾਇਰਲ ਹੋ ਗਈ। ਵੀਡੀਓ ਵਿੱਚ ਕੋਲਕਾਤਾ ਪੁਲਿਸ ਇਸ ਸੁਰੱਖਿਆ ਕਰਮਚਾਰੀਆਂ ਨੂੰ ਕੁੱਟਦੀ ਦਿਖਾਈ ਦੇ ਰਹੀ ਹੈ, ਜਿਸ ਦੌਰਾਨ ਉਸਦੀ ਪੱਗ ਦੀ ਬੇਅਦਬੀ ਕਰਦਿਆਂ ਇਸ ਨੂੰ ਖੋਲ੍ਹ ਦਿੱਤਾ ਗਿਆ, ਇਸ ਨੂੰ ਲੈ ਕੇ ਮਨਜਿੰਦਰ ਸਿੰਘ ਸਿਰਸਾ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਸਿੱਖ ਨਾਲ ਹੋਏ ਅੱਤਿਆਚਾਰ ਵਿੱਚ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।