DSP Bikramjit Brar to receive : ਚੰਡੀਗੜ੍ਹ: ਪੰਜਾਬ ਪੁਲਿਸ ਦੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਨੂੰ ਯੋਜਨਾਬੱਧ ਢੰਗ ਨਾਲ ਕੀਤੇ ਗਏ ਕਤਲਾਂ ਅਤੇ 2015-17 ਦੌਰਾਨ ਸੂਬੇ ਵਿਚ ਕਈ ਸਨਸਨੀਖੇਜ਼ ਮਾਮਲਿਆਂ ਨੂੰ ਸੁਲਝਾਉਣ ਵਿਚ ਬੇਮਿਸਾਲ ਸੇਵਾਵਾਂ ਨਿਭਾਉਣ ਲਈ “ਹੋਮ ਮਨਿਸਟਰਜ਼ ਮੈਡਲ” ਦਿੱਤਾ ਜਾਵੇਗਾ। ਦੱਸਣਯੋਗ ਕਿ ਇਸ ਸਮੇਂ ਡੀਐਸਪੀ ਬਰਾੜ ਐਸਏਐਸ ਨਗਰ ਵਿੱਚ ਡਿਟੈਕਟਿਵ ਅਤੇ ਵਾਧੂ ਚਾਰਜ ਸੰਗਠਿਤ ਅਪਰਾਧ ਰੋਕੂ ਯੂਨਿਟ (ਓਸੀਸੀਯੂ) ਵਜੋਂ ਤਾਇਨਾਤ ਹਨ ਅਤੇ ਉਨ੍ਹਾਂ ਨੇ ਸਰਹੱਦ ਪਾਰ ਦੇ ਅੱਤਵਾਦੀ ਮਡਿਊਲ ਬਿੱਲਾ ਮੰਡਿਆਲਾ ਦਾ ਪਰਦਾਫਾਸ਼ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।
ਡੀਐਸਪੀ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਮੈਡਲ ਦਿੱਤਾ ਜਾਣਾ ਸਾਰੀ ਪੁਲਿਸ ਫੋਰਸ ਲਈ ਸਨਮਾਨ ਹੈ। ਸ੍ਰੀ ਗੁਪਤਾ ਨੇ ਉਮੀਦ ਜਤਾਈ ਕਿ ਇਹ ਸਨਮਾਨ ਸਾਡੇ ਲੋਕਾਂ ਦੀ ਰੱਖਿਆ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਮੇਸ਼ਾਂ ਪ੍ਰੇਰਣਾ ਦਾ ਸਰੋਤ ਰਹੇਗੀ। ਦੱਸਣਯੋਗ ਹੈ ਇਹ ਐਵਾਰਡ 2018 ਵਿਚ ਅਪਰਾਧ ਦੀ ਜਾਂਚ ਦੇ ਉੱਚ ਪੇਸ਼ੇਵਰ ਮਾਪਦੰਡਾਂ ਨੂੰ ਉਤਸ਼ਾਹਿਤ ਕਰਨ ਅਤੇ ਦੇਸ਼ ਵਿਚ ਵੱਖ-ਵੱਖ ਪੁਲਿਸ ਸੰਗਠਨਾਂ ਦੇ ਜਾਂਚ ਅਧਿਕਾਰੀਆਂ ਦੁਆਰਾ ਅਜਿਹੀ ਜਾਂਚ ਨੂੰ ਮਾਨਤਾ ਦੇਣ ਲਈ ਸਥਾਪਿਤ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਡੀਐਸਪੀ ਬਰਾੜ ਨੇ 2015 ਤੋਂ 2017 ਦਰਮਿਆਨ ਕਈ ਵੱਡੇ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਵੱਡੀ ਗਿਣਤੀ ਵਿਚ ਨਾਜਾਇਜ਼ ਹਥਿਆਰ ਵੀ ਬਰਾਮਦ ਕੀਤੇ। ਬਿਕਰਮਜੀਤ ਸਿੰਘ ਬਰਾੜ ਨੇ ਜਨਵਰੀ 2020 ਵਿਚ ਅੰਮ੍ਰਿਤਸਰ ਦੇ ਪਿੰਡ ਉਮਰਾਪੁਰ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਦੀ ਸਨਸਨੀਖੇਜ਼ ਕਤਲ ਦੀ ਜਾਂਚ ਦੀ ਅਗਵਾਈ ਵੀ ਕੀਤੀ ਸੀ। ਇਸ ਕੇਸ ਨਾਲ ਸਬੰਧਤ ਗੈਂਗਸਟਰ ਹਰਮਨ ਭੁੱਲਰ ਦੀ ਅਗਵਾਈ ਵਾਲੇ ਇਕ ਗਿਰੋਹ ਨੂੰ ਵੀ ਕਾਬੂ ਕੀਤਾ ਸੀ।