Dussehra celebrated differently : ਬਠਿੰਡਾ : ਦੁਸਹਿਰੇ ਮੌਕੇ ਰਾਵਣ ਤਾਂ ਹਰ ਸਾਲ ਸਾੜਿਆ ਜਾਂਦਾ ਹੈ ਪਰ ਬਠਿੰਡਾ ਜ਼ਿਲ੍ਹੇ ਵਿੱਚ ਅੱਜ ਮਨਰੇਗਾ ਯੂਨੀਅਨ ਦੇ ਮੁਲਾਜ਼ਮਾਂ ਨੇ ਆਪਣੇ ਰੋਸ ਪ੍ਰਗਟਾਵੇ ਵਜੋਂ ਅੱਜ ਵੱਖਰੇ ਢੰਗ ਨਾਲ ਦੁਸਹਿਰਾ ਮਨਾਇਆ, ਜਿਥੇ ਉਨ੍ਹਾਂ ਨੇ ਰਾਵਣ ਦੀ ਥਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਵਣ ਦਾ ਰੂਪ ਦੇ ਕੇ ਉਨ੍ਹਾਂ ਦੇ ਪੁਤਲੇ ਸਾੜੇ। ਦੱਸਣਯੋਗ ਹੈ ਕਿ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਬੈਨਰ ਹੇਠ ਮਨਰੇਗਾ ਯੂਨੀਅਨ ਦੇ ਕਰਮਚਾਰੀਆਂ ਨੇ ਅੱਜ ਮੋਦੀ ਤੇ ਕੈਪਟਨ ਦੇ ਪੁਤਲੇ ਸਾੜ ਕੇ ਸਰਕਾਰ ਖਿਲਾਫ ਆਪਣਾ ਰੋਸ ਜ਼ਾਹਿਰ ਕੀਤਾ।
ਆਪਣੀਆਂ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਨੇ ਥਰਮਲ ਪਲਾਂਟ ਤੋਂ ਇੱਕ ਰੈਲੀ ਕੱਢੀ ਜੋਕਿ ਭਾਈ ਘਨ੍ਹਈਆ ਚੌਂਕ ਆ ਕੇ ਖਤਮ ਹੋਈ। ਮੁਲਾਜ਼ਮਾਂ ਨੇ ਜ਼ਿਲਾ ਪ੍ਰੀਸ਼ਦ ਦੇ ਬਾਹਰ ਆ ਕੇ ਧਰਨਾ ਲਗਾਇਆ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਦਫਤਰ ਦੇ ਬਾਹਰ ਕੈਪਟਨ ਤੇ ਆਦਮਕੱਦ ਪੁਤਲੇ ਫੂਕ ਕੇ ਰੋਸ ਜ਼ਾਹਿਰ ਕੀਤਾ। ਇਸ ਸੰਬੰਧੀ ਮਨਰੇਗਾ ਕਰਮਚਾਰੀ ਯੂਨੀਅਨ ਦਾ ਕਹਿਣਾ ਹੈ ਕਿ ਜਿਵੇਂ ਦੁਸਹਿਰੇ ’ਤੇ ਹੰਕਾਰੀ ਰਾਵਣ ਦੇ ਪੁਤਲੇ ਸਾੜੇ ਜਾਂਦੇ ਹਨ, ਉਸੇ ਤਰ੍ਹਾਂ ਅੱਜ ਸਾਡੇ ਪ੍ਰਧਾਨ ਮੰਤਰੀ ਮੋਦੀ ਤੇ ਕੈਪਟਨ ਹੰਕਾਰੇ ਹੋਏ ਹਨ। ਇਸ ਲਈ ਉਹ ਉਨ੍ਹਾਂ ਦੇ ਪੁਤਲੇ ਸਾੜ ਰਹੇ ਹਨ।
ਉਨ੍ਹਾਂ ਦੱਸਿਆ ਕਿ ਠੇਕਾ ਮੁਲਾਜ਼ਮ ਸੰਘਰਸ਼ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 13 ਤਰੀਕ ਨੂੰ ਪ੍ਰੋਗਰਾਮ ਕੀਤਾ ਗਿਆ ਸੀ। ਆਪਣੀਆਂ ਮੰਗਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ 15 ਸਾਲਾਂ ਤੱਕ ਕੰਮ ਕਰ ਰਹੇ ਕੱਚੇ ਮਲੁਾਜ਼ਮਾਂ ਨੂੰ ਅਜੇ ਤੱਕ ਰੈਗੂਲਰ ਨਹੀਂ ਕੀਤਾ ਗਿਆ। ਪਿਛਲੇ 12 ਸਾਲਾਂ ਤੋਂ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਟਾਲਮਟੋਲ ਕਰ ਰਹੀ ਹੈ। ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਦਫਤਰ ਦੇ ਬਾਹਰ ਜਾ ਕੇ ਇਹ ਪੁਤਲੇ ਸਾੜੇ ਜਾਣਗੇ। ਕਿਉਂਕਿ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਸਾਢੇ ਤਿੰਨ ਸਾਲ ਪਹਿਲਾਂ ਤਿੰਨ ਮੈਂਬਰੀ ਕਮੇਟੀ ਬਣਾਈ ਸੀ, ਪਰ ਉਸ ਦੀ ਇੱਕ ਵੀ ਰਿਪੋਰਟ ਨਹੀਂ ਆਈ। ਤੇ ਖਜ਼ਾਨਾ ਮੰਤਰੀ ਇਸ ਕਮੇਟੀ ਵਿੱਚ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਕੱਲ੍ਹ ਏਡੀਸੀ ਜ਼ਿਲ੍ਹਾ ਪ੍ਰੀਸ਼ਦ ਤੋਂ ਮੁਲਾਜ਼ਮਾਂ ਦੀਆਂ ਬਦਲੀਆਂ ਕਰ ਦਿੱਤੀਆਂ, ਜਿਨ੍ਹਾਂ ਨੂੰ ਰੱਦ ਕਰਵਾਉਣ ਲਈ ਰੋਸ ਵਜੋਂ ਉਨ੍ਹਾਂ ਨੇ ਜ਼ਿਲ੍ਹਾ ਪ੍ਰੀਸ਼ਦ ਵਿਖੇ ਧਰਨਾ ਲਗਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸੰਘਰਸ਼ ਜਾਰੀ ਰਹੇਗਾ।