Education department introduced : ਚੰਡੀਗੜ੍ਹ : ਸਿੱਖਿਆ ਵਿਭਾਗ ਨੇ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਸਿਖਾਉਣ ਲਈ ਨਵੀਂ ਪਹਿਲ ਕਰਦੇ ਹੋਏ ਵੱਡਾ ਫੈਸਲਾ ਲਿਆ ਹੈ। ਵਿਭਾਗ ਨੇ ਇਸ ਦੇ ਲਈ ਇੱਕ ਨਵਾਂ ਵਿਸ਼ਾ ‘ਸਵਾਗਤ ਜ਼ਿੰਦਗੀ’ ਸਕੂਲਾਂ ਲਈ ਲਾਜ਼ਮੀ ਕਰ ਦਿੱਤਾ ਹੈ। ਇਹ ਵਿਸ਼ਾ ਸੂਬੇ ਦੇ ਸਾਰੇ ਸਰਕਾਰੀ, ਐਫੀਲਿਏਟਿਡ, ਐਸੋਸਿਏਟਿਡ, ਏਡਿਡ ਅਤੇ ਅਨਏਡਿਡ ਸਕੂਲਾਂ ਵਿੱਚ ਪੜ੍ਹਾਉਣਾ ਜ਼ਰੂਰੀ ਹੋਏਗਾ। ਇਹ ਵਿਸ਼ਾ ਸਕੂਲਾਂ ਵਿਚ 2020-21 ਦੇ ਅਧਿਆਪਨ ਸੈਸ਼ਨ ਤੋਂ ਪੜ੍ਹਾਇਆ ਜਾਵੇਗਾ।
ਸਕੂਲਾਂ ਵਿਚ ਨਵੇਂ ਵਿਸ਼ਿਆਂ ਨੂੰ ਸ਼ੁਰੂ ਕਰਨ ਦਾ ਉਦੇਸ਼ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਵਿੱਚ ਨੈਤਿਕ ਕਦਰਾਂ- ਕੀਮਤਾਂ ਨੂੰ ਮਜ਼ਬੂਤ ਕਰਨਾ ਹੈ। ਇਸਦੇ ਨਾਲ ਵਿਦਿਆਰਥੀ ਸਮਾਜ ਦੇ ਜ਼ਿੰਮੇਵਾਰ ਅਤੇ ਚੰਗੇ ਨਾਗਰਿਕ ਬਣ ਸਕਣ। ਨੈਤਿਕ ਕਦਰਾਂ ਕੀਮਤਾਂ ‘ਤੇ ਅਧਾਰਤ ਇਹ ਨਵਾਂ ਵਿਸ਼ਾ ਪ੍ਰੀ-ਪ੍ਰਾਇਮਰੀ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇਗਾ। ਵਿਸ਼ੇ ਦੇ ਕੁਲ 100 ਅੰਕ ਹੋਣਗੇ, ਜਿਨ੍ਹਾਂ ਵਿਚੋਂ 50 ਅੰਕ ਲਿਖਤੀ ਅਤੇ 50 ਅੰਕ ਪ੍ਰੈਕਟੀਕਲ ਦੇ ਹੋਣਗੇ। ਬੋਰਡ ਦੀਆਂ ਕਲਾਸਾਂ (ਪੰਜਵੀਂ, ਅੱਠਵੀਂ, 10ਵੀਂ ਅਤੇ 12ਵੀਂ) ਲਈ ਪੇਪਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤਿਆਰ ਕੀਤਾ ਜਾਏਗਾ, ਜਦੋਂਕਿ ਹੋਰ ਕਲਾਸਾਂ ਲਈ ਵਿਸ਼ੇ ਦਾ ਸਕੂਲ ਪੱਧਰ ’ਤੇ ਮੁਲਾਂਕਣ ਕੀਤਾ ਜਾਵੇਗਾ।
ਸਕੂਲ ਤੋਂ ਪ੍ਰਾਪਤ ਅੰਕ ਅਤੇ ਗ੍ਰੇਡ ਸਰਟੀਫਿਕੇਟ ਵਿਚ ਦਰਜ ਕੀਤੇ ਜਾਣਗੇ। ਇਸ ਵਿਸ਼ੇ ਦਾ ਸਿਲੇਬਸ ਐਸਸੀਈਆਰਟੀ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਦੇ ਅਧਾਰ ‘ਤੇ ਪੁਸਤਕਾਂ ਵਿਦਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰਕਾਸ਼ਿਤ ਕਰਕੇ ਉਪਲੱਬਧ ਕਰਵਾਈਆਂ ਜਾਣਗੀਆਂ। ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇੱਕ ਹਫ਼ਤੇ ਵਿੱਚ ਵਿਸ਼ੇ ਦਾ ਘੱਟੋ-ਘੱਟ ਇੱਕ ਪੀਰੀਅਡ ਲਗਾਉਣ। ਇਸ ਬਾਰੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦਾ ਕਹਿਣਾ ਹੈ ਕਿ ਬੱਚੇ ਕਿਸੇ ਵੀ ਰਾਜ ਜਾਂ ਦੇਸ਼ ਦਾ ਭਵਿੱਖ ਹੁੰਦੇ ਹਨ, ਉਨ੍ਹਾਂ ਕੋਲ ਬਿਹਤਰ ਸਿੱਖਿਆ ਹੋਣੀ ਚਾਹੀਦੀ ਹੈ। ਸਿਹਤਮੰਦ ਸਮਾਜ ਲਈ ਨੈਤਿਕ ਕਦਰਾਂ-ਕੀਮਤਾਂ ਹੋਣੀਆਂ ਵੀ ਜ਼ਰੂਰੀ ਹਨ। ਪੰਜਾਬ ਦਾ ਭਵਿੱਖ ਨੈਤਿਕ ਕਦਰਾਂ- ਕੀਮਤਾਂ ਨਾਲ ਭਰਿਆ ਹੋਣਾ ਚਾਹੀਦਾ ਹੈ, ਇਸ ਲਈ ਸਰਕਾਰ ਨੇ ਸਵਾਗਤ ਜ਼ਿੰਦਗੀ ਨਵਾਂ ਵਿਸ਼ਾ ਸ਼ੁਰੂ ਕੀਤਾ ਹੈ।