Education Deptt invites applications : ਪੰਜਾਬ ਵਿੱਚ ਸਰਕਾਰੀ ਸਕੂਲ ਦੇ ਅਧਿਆਪਕ ਬਣਨ ਦਾ ਸੁਪਨਾ ਦੇਖ ਰਹੇ ਉਮੀਦਵਾਰਾਂ ਲਈ ਚੰਗੀ ਖਬਰ ਹੈ। ਸੂਬੇ ਦੇ ਸਿੱਖਿਆ ਵਿਭਾਗ ਨੇ ਪ੍ਰੀ ਪ੍ਰਾਇਮਰੀ ਅਧਿਆਪਕ ਦੀਆਂ 8393 ਅਸਾਮੀਆਂ ‘ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਹਾਲ ਹੀ ਵਿੱਚ ਸਿੱਖਿਆ ਵਿਭਾਗ ਨੇ 8393 ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਭਰਤੀ ਲਈ ਅਰਜ਼ੀ ਦੇਣ ਦੇ ਇੱਛੁਕ ਅਤੇ ਯੋਗ ਉਮੀਦਵਾਰ 1 ਦਸੰਬਰ 2020 ਤੋਂ ਵਿਭਾਗ ਦੀ ਵੈਬਸਾਈਟ educationrecruitmentboard.com ‘ਤੇ ਆਨਲਾਈਨ ਅਰਜ਼ੀ ਦੇ ਸਕਣਗੇ।
ਦੱਸਣਯੋਗ ਹੈ ਕਿ ਪ੍ਰੀ ਪ੍ਰਾਇਮਰੀ ਅਧਿਆਪਕ ਭਰਤੀ ਲਈ ਆਨਲਾਈਨ ਅਰਜ਼ੀਆਂ 01 ਦਸੰਬਰ ਤੋਂ ਦਿੱਤੀਆਂ ਜਾ ਸਕਦੀਆਂ ਹਨ ਅਤੇ ਅਰਜ਼ੀਆਂ ਦੇਣ ਦੀ ਆਖਰੀ ਮਿਤੀ 21 ਦਸੰਬਰ ਹੈ। ਬਿਨੈਕਾਰ ਨੂੰ ਘੱਟੋ-ਘੱਟ 45 ਪ੍ਰਤੀਸ਼ਤ ਅੰਕਾਂ ਨਾਲ 12ਵੀਂ ਕਲਾਸ ਪਾਸ ਕੀਤੀ ਹੋਣੀ ਚਾਹੀਦੀ ਹੈ। ਨਾਲ ਹੀ ਨਰਸਰੀ ਐਜੂਕੇਸ਼ਨ ਵਿਚ ਘੱਟੋ ਘੱਟ ਇਕ ਸਾਲ ਦਾ ਡਿਪਲੋਮਾ ਕੋਰਸ ਵੀ ਕੀਤਾ ਜਾਣਾ ਚਾਹੀਦਾ ਹੈ। ਬਿਨੈਕਾਰ ਲਈ 10 ਵੀਂ ਜਮਾਤ ਪੰਜਾਬੀ ਭਾਸ਼ਾ ਵਿਚ ਪਾਸ ਕਰਨਾ ਲਾਜ਼ਮੀ ਹੈ। ਅਰਜ਼ੀ ਦੇਣ ਦੀ ਜਨਰਲ ਸ਼੍ਰੇਣੀ ਅਤੇ ਹੋਰਾਂ ਲਈ ਫੀਸ 1000 ਰੁਪਏ ਤੈਅ ਕੀਤੀ ਗਈ ਹੈ ਜਦਕਿ ਐਸ.ਸੀ.-ਐਸ.ਟੀ ਲਈ ਇਹ ਫੀਸ 500 ਰੁਪਏ ਹੈ। ਦੱਸਣਯੋਗ ਹੈ ਕਿ ਆਨਲਾਈਨ ਰਜਿਸਟ੍ਰੇਸ਼ਨ 1 ਦਸੰਬਰ ਤੋਂ ਸਿੱਖਿਆ ਵਿਭਾਗ ਦੀ ਵੈਬਸਾਈਟ ‘ਤੇ ਕੀਤੀ ਜਾ ਸਕਦੀ ਹੈ। ਐਪਲੀਕੇਸ਼ਨ ਲਿੰਕ ਸਿਰਫ 1 ਦਸੰਬਰ ਨੂੰ ਕਿਰਿਆਸ਼ੀਲ ਹੋਵੇਗਾ।
ਇਥੇ ਦੱਸਣਯੋਗ ਹੈ ਕਿ ਬੀਤੇ ਸਤੰਬਰ ਮਹੀਨੇ ਵਿੱਚ ਪੰਜਾਬ ਮੰਤਰੀ ਮੰਡਲ ਵੱਲੋਂ 8393 ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ ਅਸਾਮੀਆਂ ਭਰਨ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਨ੍ਹਾਂ ਅਸਾਮੀਆਂ ਦੇ ਭਰਨ ਨਾਲ ਪ੍ਰੀ-ਪ੍ਰਾਈਮਰੀ ਸਰਕਾਰੀ ਸਕੂਲਾਂ ਵਿੱਚ ਦਾਖਲਿਆਂ ਦੀ ਗਿਣਤੀ ਵਧੇਗੀ ਅਤੇ ਉਹ ਨਿੱਜੀ ਸੰਸਥਾਵਾਂ ਨਾਲ ਹੋਰ ਵਧੇਰੇ ਅਸਰਦਾਰ ਢੰਗ ਨਾਲ ਮੁਕਾਬਲਾ ਕਰ ਸਕਣਗੇ।