Education Minister speaks at mid-day : ਚੰਡੀਗੜ੍ਹ : ਸਕੂਲੀ ਬੱਚਿਆਂ ਨੂੰ ਮਿਡ ਡੇਅ ਮੀਲ ਅਧੀਨ ਅਨਾਜ ਅਤੇ ਖਾਣਾ ਪਕਾਉਣ ਦੀ ਲਾਗਤ ਮੁਹੱਈਆ ਨਾ ਕਰਵਾਏ ਜਾਣ ਸਬੰਧੀ ਮੀਡੀਆ ਰਿਪੋਰਟਾਂ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸਿਰੇ ਤੋਂ ਖਾਰਿਜ ਕੀਤਾ ਅਤੇ ਇਸ ਨੂੰ ਮਨਘੜਤ ਦੱਸਦਿਆਂ ਅਜਿਹੀਆਂ ਰਿਪੋਰਟਾਂ ਨੂੰ ਪ੍ਰਕਾਸ਼ਿਤ ਨਾ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਮੀਡੀਆ ਦੀਆਂ ਇਨ੍ਹਾਂ ਰਿਪੋਰਟਾਂ ਵਿੱਚ ਰੱਤੀ ਭਰ ਵਿੱਚ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿਹਾ ਕਿ ਕੋਵਿਡ-19 ਦੇ ਅਣਕਿਆਸੇ ਸੰਕਟ ਦੇ ਮੱਦੇਨਜ਼ਰ ਲਗਾਏ ਗਏ ਲਾਕਡਾਊਨ ਤੋਂ ਬਾਅਦ ਸੂਬਾ ਸਰਕਾਰ ਨੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ 15.79 ਲੱਖ ਲਾਭਪਾਤਰੀ ਵਿਦਿਆਰਥੀਆਂ ਦਰਮਿਆਨ 30 ਜੂਨ ਤੱਕ ਅਨਾਜ ਅਤੇ 31 ਮਈ ਤੱਕ ਖਾਣਾ ਪਕਾਉਣ ਦੀ ਲਾਗਤ ਦੀ ਵੰਡ ਕੀਤੀ ਹੈ।
ਉਨ੍ਹਾਂ ਕਿਹਾ ਕਿ ਫਾਜ਼ਿਲਕਾ, ਜਲੰਧਰ ਅਤੇ ਮੋਗਾ ਜ਼ਿਲ੍ਹਿਆਂ ਦੇ ਸਕੂਲੀ ਬੱਚਿਆਂ ਨੂੰ ਅਨਾਜ ਅਤੇ ਖਾਣਾ ਪਕਾਉਣ ਦੀ ਲਾਗਤ ਮੁਹੱਈਆ ਨਾ ਕਰਵਾਏ ਜਾਣ ਸਬੰਧੀ ਸੱਚਾਈ ਦਾ ਪਤਾ ਲਗਾਉਣ ਲਈ ਕੀਤੀ ਗਈ ਪੜਤਾਲ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਨ੍ਹਾਂ ਸਾਰੇ ਬੱਚਿਆਂ ਨੂੰ ਅਨਾਜ ਅਤੇ ਖਾਣਾ ਪਕਾਉਣ ਦੀ ਲਾਗਤ ਕ੍ਰਮਵਾਰ 30 ਜੂਨ ਅਤੇ 31 ਮਈ ਤੱਕ ਪ੍ਰਦਾਨ ਕੀਤੀ ਗਈ ਹੈ। ਇਸ ਤੋਂ ਇਲਾਵਾ ਅਣਕਿਆਸੇ ਹਾਲਾਤਾਂ ਕਰਕੇ ਤਾਜ਼ਾ ਪਕਾਏ ਭੋਜਨ ਦੀ ਥਾਂ ਭੋਜਨ ਅਤੇ ਖਾਣਾ ਪਕਾਉਣ ਦੀ ਲਾਗਤ ਲਾਭਪਾਤਰੀ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਹੈ।
ਸ੍ਰੀ ਸਿੰਗਲਾ ਨੇ ਕੁਝ ਸਵਾਰਥੀ ਹਿੱਤਾਂ ਦੁਆਰਾ ਗੁੰਮਰਾਹਕੁੰਨ ਅਤੇ ਬਿਨਾਂ ਪੁਸ਼ਟੀ ਕੀਤੀ ਜਾਣਕਾਰੀ ਦੇ ਅਧਾਰ ‘ਤੇ ਅਜਿਹੀਆਂ ਕਹਾਣੀਆਂ ਪ੍ਰਕਾਸ਼ਤ ਕਰਨ ਤੋਂ ਮੀਡੀਆ ਨੂੰ ਗੁਰੇਜ਼ ਕਰਨ ਦਾ ਸੁਝਾਅ ਦਿੱਤਾ। ਸਿੱਖਿਆ ਮੰਤਰੀ ਨੇ ਕਿਹਾ ਕਿ 37.26 ਕਰੋੜ ਰੁਪਏ ਦੀ ਖਾਣਾ ਪਕਾਉਣ ਦੀ ਲਾਗਤ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ ਜਿਸ ਵਿਚੋਂ 23 ਕਰੋੜ ਰੁਪਏ ਲਾਭਪਾਤਰੀ ਵਿਦਿਆਰਥੀਆਂ ਦੇ ਬੈਂਕ ਖਾਤਿਆਂ ਵਿੱਚ ਤਬਦੀਲ ਕਰ ਦਿੱਤੇ ਗਏ ਹਨ ਅਤੇ 14 ਕਰੋੜ ਰੁਪਏ ਦੀ ਰਾਸ਼ੀ ਉਨ੍ਹਾਂ ਵਿਦਿਆਰਥੀਆਂ ਦੀ ਅਜੇ ਬਕਾਇਆ ਹੈ, ਜਿਨ੍ਹਾਂ ਦੇ ਬੈਂਕਾਂ ਵਿਚ ਖਾਤੇ ਨਹੀਂ ਹਨ।