Eighty Nine new corona cases : ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਇਸ ਦੇ ਮਾਮਲਿਆਂ ਵਿਚ ਰੋਜ਼ਾਨਾ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਚੰਡੀਗੜ੍ਹ ’ਚ ਕੋਰੋਨਾ ਦੇ 43, ਪੰਚਕੂਲਾ ਤੋਂ 26 ਤੇ ਮੋਹਾਲੀ ਤੋਂ 20 ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਚੰਡੀਗੜ੍ਹ ਵਿਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਸ਼ਹਿਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 660 ਹੋ ਗਈ ਹੈ, ਜਿਨ੍ਹਾਂ ਵਿਚੋਂ 480 ਮਰੀਜ਼ ਇਸ ਬੀਮਾਰੀ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ। ਮੌਜੂਦਾ ਸਮੇਂ ਸ਼ਹਿਰ ਵਿਚ ਕੋਰੋਨਾ ਦੇ 169 ਮਾਮਲੇ ਸਰਗਰਮ ਹਨ। ਅੱਜ ਵੀ ਸ਼ਹਿਰ ਵਿਚ ਕੋਰੋਨਾ ਦੇ ਚਾਰ ਮਰੀਜ਼ਾਂ ਨੂੰ ਠੀਕ ਹੋਣ ’ਤੇ ਛੁੱਟੀ ਦਿੱਤੀ ਗਈ ਹੈ।
ਉਥੇ ਹੀ ਪੰਚਕੂਲਾ ਤੋਂ ਸਾਹਮਣੇ ਆਏ 43 ਮਾਮਲਿਆਂ ਵਿਚ ITBP ਅਤੇ CRPF ਦੇ 11 ਜਵਾਨ ਵੀ ਸ਼ਾਮਲ ਹਨ। ਇਸ ਦੀ ਪੁਸ਼ਟੀ ਕਰਦੇ ਹੋਏ ਪੰਚਕੂਲਾ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਪੰਚਕੂਲਾ ਸੈਕਟਰ 16 ਸਥਿਤ DGMER ਦਫਤਰ ਦੇ 2 ਮੁਲਾਜ਼ਮਾਂ ਦੇ 12 ਪਰਿਵਾਰਕ ਮੈਂਬਰਾਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ। ਇਨ੍ਹਾਂ ਵਿਚੋਂ ਵਧੇਰੇ ਮਾਮਲੇ ਪਹਿਲਾਂ ਤੋਂ ਹੀ ਪਾਜ਼ੀਟਿਵ ਆਏ ਮਰੀਜ਼ਾਂ ਨਾਲ ਸਬੰਧਤ ਹਨ।
ਇਸ ਦੇ ਨਾਲ ਹੀ ਪੰਚਕੂਲਾ ਵਿਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ 320 ਹੋ ਗਈ ਹੈ। ਇਸ ਸਮੇਂ ਇਥੇ ਕੋਰੋਨਾ ਦੇ 93 ਐਕਟਿਵ ਮਾਮਲੇ ਹਨ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਸੂਚੀ ਬਣਾਈ ਜਾ ਰਹੀ ਹੈ ਤੇ ਸਿਹਤ ਵਿਭਾਗ ਵੱਲੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੁਆਰੰਟਾਈਨ ਕੀਤਾ ਜਾ ਰਿਹਾ ਹੈ।