Elderly man comes to hospital : ਜਲੰਧਰ ਵਿਖੇ ਬੀਤੇ ਦਿਨ ਸਾਹਮਣੇ ਆਏ ਕੋਰੋਨਾ ਦੇ ਮਾਮਲੇ ਵਿਚ ਇਕ ਨਿੱਜੀ ਹਸਪਤਾਲ ਵਿਚ ਐਂਡ੍ਰੋਸਕੋਪੀ ਕਰਵਾਉਣ ਲਈ ਆਏ ਬਜ਼ੁਰਗ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਫਿਲੌਰ ਅਧੀਨ ਪੈਂਦੇ ਪਿੰਡ ਤਲਵਣ ਨਿਵਾਸੀ 62 ਸਾਲਾ ਰਣਜੀਤ ਸਿੰਘ ਸਥਾਨਕ ਸ਼ਹਿਰ ਦੇ ਸ਼੍ਰੀਮਾਨ ਹਸਪਤਾਲ ਵਿਚ ਐਂਡ੍ਰੋਸਕੋਪੀ ਕਰਵਾਉਣ ਆਇਆ ਤਾਂ ਹਸਪਤਾਲ ਦੇ ਡਾਕਟਰਾਂ ਵੱਲੋਂ ਅਹਿਤਿਆਤ ਵਜੋਂ ਉਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ, ਜਿਸ ਦੀ ਰਿਪੋਰਟ ਵਿਚ ਉਸ ਦੇ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਸ ਬਜ਼ੁਰਗ ਨੂੰ ਹੁਣ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ ਨਾਲ ਹੁਣ ਜ਼ਿਲੇ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 218 ਹੋ ਗਈ ਹੈ।
ਜ਼ਿਕਰਯੋਗ ਹੈ ਕਿ ਇਥੇ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਇਹ ਵਿਅਕਤੀ ਕੋਰੋਨਾ ਦੀ ਲਪੇਟ ਵਿਚ ਕਿਵੇਂ ਆਇਆ ਕਿਉਂਕਿ ਨਾ ਤਾਂ ਇਸ ਦੀ ਕੋਈ ਟ੍ਰੈਵਲ ਹਿਸਟਰੀ ਹੈ ਅਤੇ ਨਾ ਹੀ ਉਸ ਦੇ ਪਿੰਡ ਵਿਚ ਕੋਈ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਕਤ ਮਰੀਜ਼ ਨੂੰ ਲੀਵਰ ਦੀ ਸਮੱਸਿਆ ਸੀ, ਜਿਸ ਦੇ ਚੱਲਦਿਆਂ ਉਹ ਕਾਫੀ ਦਿਨਾਂ ਤੋਂ ਘਰ ਵਿਚ ਹੀ ਸੀ ਅਤੇ ਉਹ ਸਿਰਫ ਐਂਡ੍ਰੋਸਕੋਪੀ ਕਰਵਾਉਣ ਲਈ ਹੀ ਹਸਪਤਾਲ ਗਿਆ ਸੀ।
ਇਥੇ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਵੀ ਭੋਗਪੁਰ ਤੋਂ ਪੱਥਰੀ ਦਾ ਆਪ੍ਰੇਸ਼ਨ ਕਰਵਾਉਣ ਆਈ ਇਕ ਔਰਤ ਇਸੇ ਹਸਪਤਾਲ ਵਿਚ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ ਤੇ ਉਸ ਦੇ ਵੀ ਪਰਿਵਾਰਕ ਮੈਂਬਰਾਂ ਜਾਂ ਸੰਪਰਕ ਵਾਲੇ ਹੋਰ ਲੋਕਾਂ ਵਿਚੋਂ ਕੋਈ ਵੀ ਕੋਰੋਨਾ ਪਾਜ਼ੀਟਿਵ ਨਹੀਂ ਸੀ। ਫਿਰ ਸਵਾਲ ਇਹ ਉਠਦਾ ਹੈ ਕਿ ਇਹ ਮਰੀਜ਼ ਕੋਰੋਨਾ ਦੀ ਲਪੇਟ ਵਿਚ ਕਿਸ ਤਰ੍ਹਾਂ ਆ ਗਏ।