ਕੜਾਕੇ ਦੀ ਸਰਦੀ ਵਿਚਾਲੇ ਪੰਜਾਬ ਵਿੱਚ ਬਿਜਲੀ ਦੀ ਖਪਤ ਵਿੱਚ ਵਾਧਾ ਹੋਇਆ ਹੈ। ਸਾਲ 2021 ਦੇ ਮੁਕਾਬਲੇ ਨਵੰਬਰ ਵਿੱਚ 12 ਫੀਸਦੀ, ਦਸੰਬਰ ਵਿੱਚ ਚਾਰ ਅਤੇ ਜਨਵਰੀ ਦੇ ਪਹਿਲੇ ਪੰਜ ਦਿਨਾਂ ਵਿੱਚ 16 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬਿਜਲੀ ਦੀ ਮੰਗ ਵਧਣ ਕਾਰਨ ਥਰਮਲ ਦੀ ਸਾਲਾਨਾ ਮੁਰੰਮਤ ਨਹੀਂ ਹੋ ਸਕੀ।
ਰੋਪੜ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟਾਂ ਨੂੰ ਪੂਰੀ ਸਮਰੱਥਾ ਨਾਲ ਚਲਾਉਣਾ ਪਵੇਗਾ। ਇਸ ਦੇ ਨਾਲ ਹੀ ਪਾਵਰਕਾਮ ਦੂਜੇ ਰਾਜਾਂ ਤੋਂ 6 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਮਹਿੰਗੀ ਬਿਜਲੀ ਮੰਗ ਰਿਹਾ ਹੈ।
ਪਾਵਰਕਾਮ ਦਾ ਕਹਿਣਾ ਹੈ ਕਿ ਬਿਜਲੀ ਦੀ ਖਪਤ ਵਧਣ ਦੇ ਦੋ ਮੁੱਖ ਕਾਰਨ ਹਨ। ਪਹਿਲਾ ਮੁਫਤ ਬਿਜਲੀ, ਹਰ ਮਹੀਨੇ ਮੁਫ਼ਤ ਬਿਜਲੀ ਲੈਣ ਵਾਲਿਆਂ ਦੀ ਗਿਣਤੀ ਵਧੀ ਹੈ। ਪੰਜਾਬ ਵਿੱਚ ਜ਼ੀਰੋ ਬਿੱਲ ਵਾਲੇ ਖਪਤਕਾਰਾਂ ਦੀ ਗਿਣਤੀ 87 ਫੀਸਦੀ ਤੱਕ ਪਹੁੰਚ ਗਈ ਹੈ। ਮੁਫ਼ਤ ਬਿਜਲੀ ਕਾਰਨ ਲੋਕ ਸਰਦੀਆਂ ਵਿੱਚ ਗੀਜ਼ਰ ਅਤੇ ਹੀਟਰਾਂ ਦੀ ਅੰਨ੍ਹੇਵਾਹ ਵਰਤੋਂ ਕਰ ਰਹੇ ਹਨ। ਉੱਥੇ ਹੀ ਪਿਛਲੇ ਦੋ ਮਹੀਨਿਆਂ ਤੋਂ ਮੀਂਹ ਦੀ ਇੱਕ ਬੂੰਦ ਵੀ ਨਹੀਂ ਪਈ ਹੈ। ਇਸ ਕਾਰਨ ਕਿਸਾਨ ਸਿੰਚਾਈ ਲਈ ਟਿਊਬਵੈੱਲਾਂ ’ਤੇ ਨਿਰਭਰ ਹਨ। ਧੁੰਦ ਕਾਰਨ ਸੂਰਜੀ ਊਰਜਾ ਦਾ ਉਤਪਾਦਨ ਵੀ ਲਗਭਗ ਬੰਦ ਹੈ।
ਦੱਸ ਦੇਈਏ ਕਿ ਨਵੰਬਰ 2021 ਵਿੱਚ 3399, ਦਸੰਬਰ ਵਿੱਚ 4148 ਮੈਗਾਵਾਟ ਬਿਜਲੀ ਦੀ ਖਪਤ ਹੋਈ ਸੀ, ਜਦਕਿ 2022 ਵਿੱਚ ਇਨ੍ਹਾਂ ਮਹੀਨਿਆਂ ਵਿੱਚ ਲੜੀਵਾਰ 3813 ਤੇ 4306 ਮੈਗਾਵਾਟ ਬਿਜਲੀ ਦੀ ਖਪਤ ਹੋਈ।
ਉਥੇ ਹੀ 2021 ਵਿੱਚ ਨਵੰਬਰ ਦਸੰਬਰ ਵਿੱਚ 6405 ਤੇ 7329 ਮੈਗਾਵਾਟ ਬਿਜਲੀ ਦੀ ਮੰਗ ਰਹੀ, ਜਦਕਿ ਨਵੰਬਰ 2022 ਵਿੱਚ 13 ਫੀਸਦੀ ਵੱਧ 7253 ਤੇ ਦਸੰਬਰ 2022 ਵਿੱਚ 9 ਫੀਸਦੀ 8008 ਮੈਗਾਵਾਟ ਵੱਧ ਮੰਗ ਜ਼ਿਆਦਾ ਰਹੀ।
ਦੂਜੇਪਾਸੇ 27-31 ਜੁਲਾਈ ਤੱਕ 275010 ਯਾਨੀ 62.36 ਫੀਸਦੀ ਖਪਤਕਾਰਾਂ ਦਾ ਬਿੱਲ ਜ਼ੀਰੋ ਆਇਆ, ਜਦਕਿ ਅਗਸਤ ਵਿੱਚ 2308080 ਯਾਨੀ 67.53 ਫੀਸਦੀ, ਸਤੰਬਰ 2489361 ਯਾਨੀ 70.74, ਅਕਤਬੂਰ ਵਿੱਚ 2807496 ਯਾਨੀ 76.07 ਫੀਸਦੀ ਤੇ ਨਵੰਬਰ ਵਿੱਚ 3316429 ਯਾਨੀ 86.87 ਫੀਸਦੀ ਖਪਤਕਾਰਾਂ ਦਾ ਬਿੱਲ ਜ਼ੀਰੋ ਆਇਆ।
ਇਹ ਵੀ ਪੜ੍ਹੋ : ਅਮਰੀਕੀ ਏਅਰਲਾਈਨ ਦਾ ਅਨੋਖਾ ਆਫਰ, ਬਿੱਲੀ ਦੇ ਬੱਚੇ ਨੂੰ ਲਓ ਗੋਦ ਤੇ ਮੁਫਤ ਕਰੋ ਯਾਤਰਾ
ਬਿਜਲੀ ਦੀ ਖਪਤ ਵਧਣ ਨਾਲ ਵੱਡਾ ਨੁਕਸਾਨ ਇਹ ਹੋਇਆ ਹੈ ਕਿ ਪੰਜਾਬ ਇਸ ਵਾਰ ਪਾਵਰਕਾਮ ਬੈਂਕਿੰਗ ਸਿਸਟਮ ਤਹਿਤ ਦੂਜੇ ਰਾਜਾਂ ਨੂੰ ਬਿਜਲੀ ਮੁਹੱਈਆ ਨਹੀਂ ਕਰਵਾ ਸਕਿਆ। ਪੰਜਾਬ ਗਰਮੀਆਂ ਅਤੇ ਝੋਨੇ ਦੇ ਸੀਜ਼ਨ ਦੌਰਾਨ ਇਹ ਬਿਜਲੀ ਵਾਪਸ ਲੈਂਦਾ ਸੀ। ਅਜਿਹੇ ‘ਚ ਗਰਮੀ ਦੇ ਮੌਸਮ ‘ਚ ਮੁਸ਼ਕਿਲਾਂ ਵਧ ਸਕਦੀਆਂ ਹਨ।
ਅਜੈਪਾਲ ਅਟਵਾਲ, ਜਨਰਲ ਸਕੱਤਰ ਪੀਐਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸਰਕਾਰ ਮੁਫ਼ਤ ਦੀ ਬਜਾਏ ਸਸਤੀ ਬਿਜਲੀ ਦੇਵੇ। ਸਰਕਾਰ ਮੁਫਤ ਬਿਜਲੀ ‘ਤੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ। ਇਸ ਦੀ ਵਰਤੋਂ ਪੰਜਾਬ ਵਿੱਚ ਸਿੱਖਿਆ ਅਤੇ ਦਵਾਈ ਦੇ ਖੇਤਰ ਵਿੱਚ ਹੋਣੀ ਚਾਹੀਦੀ ਸੀ। ਮੁਫਤ ਬਿਜਲੀ ਮਿਲਣ ਕਾਰਨ ਮੰਗ ਵਧੀ ਹੈ। ਇਸ ਵਾਰ ਗਰਮੀਆਂ ‘ਚ ਮੁਸ਼ਕਿਲਾਂ ਵਧਣ ਵਾਲੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: