Eleventh death in Mohali due to : ਮੋਹਾਲੀ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜ਼ਿਲੇ ਵਿਚ ਕੋਰੋਨਾ ਨਾਲ ਇਕ ਹੋਰ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ, ਜਦਕਿ 18 ਹੋਰ ਨਵੇਂ ਮਾਮਲਿਆਂ ਦੀ ਵੀ ਪੁਸ਼ਟੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਖਰੜ ਦੇ ਰਹਿਣ ਵਾਲੇ 82 ਸਾਲਾ ਬਜ਼ੁਰਗ ਨੇ ਅੱਜ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਹਸਪਤਾਲ ਵਿਚ ਦਮ ਤੋੜ ਦਿੱਤਾ। ਦੱਸਣਯੋਗ ਹੈ ਕਿ ਮੋਹਾਲੀ ਵਿਚ ਕੋਰੋਨਾ ਨਾਲ ਹੋਣ ਵਾਲੀ ਇਹ 11ਵੀਂ ਮੌਤ ਹੈ। ਉਥੇ ਹੀ ਇਹ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੀ 531 ਹੋ ਚੁੱਕੀ ਹੈ।
ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਸਾਹਮਣੇ ਆਏ ਨਵੇਂ ਮਾਮਲੇ ਫੇਜ਼-3 ਮੋਹਾਲੀ, ਸੈਕਟਰ-80, ਮੁੰਡੀ ਖਰੜ, ਸੰਨੀ ਇਨਕਲੇਵ ਖਰੜ, ਸੰਤੇ ਮਾਜਰਾ, ਡੇਰਾਬੱਸੀ, ਜ਼ੀਰਕਪੁਰ, ਫੇਜ਼-9 ਮੋਹਾਲੀ ਅਤੇ ਬ੍ਰਧਣਪੁਰ ਘੜੂੰਆ ਨਾਲ ਸਬੰਧਤ ਹਨ। ਦੱਸਣਯੋਗ ਹੈ ਕਿ ਹੁਣ ਤੱਕ 318 ਲੋਕਾਂ ਨੂੰ ਜ਼ਿਲੇ ਵਿਚ ਠੀਕ ਹੋਣ ’ਤੇ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ, ਜਦਕਿ ਅਜੇ ਵੀ ਇਸ ਦੇ 202 ਮਾਮਲੇ ਐਕਟਿਵ ਹਨ, ਜਿਨ੍ਹਾਂ ਦਾ ਇਲਾਜ ਅਜੇ ਜਾਰੀ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਚੰਡੀਗੜ੍ਹ ਵਿਚ ਵੀ ਕੋਰੋਨਾ ਕਾਰਨ ਇਕ ਔਰਤ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ। ਇਹ ਸ਼ਹਿਰ ਵਿਚ ਕੋਰੋਨਾ ਨਾਲ ਹੋਣ ਵਾਲੀ 12ਵੀਂ ਮੌਤ ਹੈ। ਉਥੇ ਹੀ ਚੰਡੀਗੜ੍ਹ ’ਚ ਵੀ ਅੱਜ ਐਤਵਾਰ ਸਵੇਰੇ ਸ਼ਹਿਰ ਵਿਚ ਕੋਰੋਨਾ ਦੇ ਚਾਰ ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ, ਜਿਸ ਨਾਲ ਹੁਣ ਸ਼ਹਿਰ ਵਿਚ ਕੁਲ ਕੋਰੋਨਾ ਪੀੜਤਾਂ ਦੀ ਗਿਣਤੀ 695 ਹੋ ਗਈ ਹੈ, ਉਥੇ ਹੀ ਇਸ ਸਮੇਂ ਸਰਗਰਮ ਮਾਮਲੇ 198 ਹਨ, ਜਿਹੜੇ ਜ਼ੇਰੇ ਇਲਾਜ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਚਾਰੇ ਮਰੀਜ਼ ਮਨੀਮਾਜਰਾ ਤੋਂ ਮਿਲੇ ਹਨ।