ਅਬੋਹਰ ਤੋਂ ਕਰੋੜਾਂ ਦੀ ਜਾਇਦਾਦ ਪਿੱਛੇ ਕਲਯੁਗੀ ਪੁੱਤਰ ਤੇ ਨੂੰਹ ਵੱਲੋਂ ਬਜ਼ੁਰਗ ਮਾਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦੋਵਾਂ ਨੇ ਮਿਲ ਕੇ ਬਜ਼ੁਰਗ ਦੀ ਬੁਰੀ ਤਰ੍ਹਾਂ ਕੁਟਾਈ ਕੀਤੀ ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਕੁੱਟਮਾਰ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਇੰਨਾ ਹੀ ਨਹੀਂ ਇਸ ਤੋਂ ਪਹਿਲਾਂ ਵੀ ਪੁੱਤ ਤੇ ਨੂੰਹ ਬਜ਼ੁਰਗ ਮਾਂ ਨੂੰ 8 ਵਾਰ ਕੁੱਟ ਚੁੱਕੇ ਹਨ।
ਪੀੜਤਾ ਗੁਰਜੀਤ ਕੌਰ ਨੇ ਦੱਸਿਆ ਕਿ ਮੇਰੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਮੇਰੇ ਕੋਲ ਲਗਭਗ 4 ਕਰੋੜ ਦਾ ਘਰ ਤੇ 40 ਏਕੜ ਜ਼ਮੀਨ ਹੈ ਜਿਸ ਵਿਚੋਂ 5 ਏਕੜ ਜ਼ਮੀਨ ਮੇਰੇ ਨਾਂ ਹੈ ਤੇ ਬਾਕੀ 35 ਏਕੜ ਜ਼ਮੀਨ ਮੇਰੇ ਦੋਵੇਂ ਪੁੱਤਰਾਂ ਦੇ ਨਾਂ ਹੈ ਪਰ ਹੁਣ ਮੇਰੀ ਜ਼ਮੀਨ ਨੂੰ ਹੜਪਣਾ ਚਾਹੁੰਦੇ ਹਨ। ਇਸੇ ਲਈ ਉਹ ਮੇਰੀ ਮਾਰਕੁਟਾਈ ਕਰਦੇ ਰਹਿੰਦੇ ਹਨ।
ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਸਦਾ ਪੁੱਤਰ ਉਸਦੇ ਗਲੇ ਵਿੱਚ ਸਾਫ਼ਾ ਬੰਨ੍ਹ ਕੇ ਬੈਠਾ ਦਿਖਾਈ ਦੇ ਰਿਹਾ ਹੈ ਅਤੇ ਉਸਦੀ ਪਤਨੀ ਉਸਨੂੰ ਲਗਾਤਾਰ ਥੱਪੜ ਮਾਰਦੀ ਦਿਖਾਈ ਦੇ ਰਹੀ ਹੈ। ਬਾਅਦ ਵਿੱਚ ਕਿਸੇ ਤਰ੍ਹਾਂ ਗੁਆਂਢੀਆਂ ਨੇ ਉਸਨੂੰ ਉਨ੍ਹਾਂ ਦੇ ਚੁੰਗਲ ਤੋਂ ਛੁਡਾਇਆ ਅਤੇ ਉਸਨੂੰ ਹਸਪਤਾਲ ਲੈ ਗਏ। ਬਜ਼ੁਰਗ ਮਾਂ ਨੇ ਦੱਸਿਆ ਕਿ ਮੇਰੇ ਪੁੱਤਰਾਂ ਨੇ ਜ਼ਮੀਨ ਤੇ ਘਰ ‘ਤੇ ਲੋਨ ਲਿਆ ਹੋਇਆ ਹੈ ਤੇ ਦੋਵੇਂ ਨਸ਼ੇ ਲੈਂਦੇ ਹਨ। ਬਜ਼ੁਰਗ ਮਾਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਉਸ ਦੇ ਪੁੱਤਰ ਤੇ ਨੂੰਹ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
























