Establishment of district level : ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਸਿਹਤਮੰਦ ਬਣਾਉਣ ਲਈ ਚਲਾਈ ਜਾ ਰਹੀਆਂ ਮੁਹਿੰਮਾਂ ਅਧੀਨ ਹੁਣ ਡੇਅਰੀ ਵਿਕਾਸ ਵਿਭਾਗ ਵੱਲੋਂ ਦੁੱਧ ਦੀ ਗੁੱਣਵਤਾ ਅਤੇ ਮਿਲਾਵਟ ਨੂੰ ਪਰਖਣ ਲਈ ਜ਼ਿਲਾ ਪੱਧਰੀ ਵਿਸ਼ੇਸ਼ ਲੈਬਾਟਰੀਆਂ ਸਥਾਪਤ ਕੀਤੀਆਂ ਗਈਆਂ ਹਨ, ਜਿਸ ਨਾਲ ਪਤਾ ਲਗਾਇਆ ਜਾ ਸਕੇਗਾ ਕਿ ਦੁੱਧ ਵਿਚ ਮਿਲਾਵਟ ਹੈ ਜਾਂ ਨਹੀਂ। ਇਹ ਜਾਂਚ ਬਿਲਕੁਲ ਮੁਫਤ ਹੋਵੇਗੀ ਅਤੇ ਇਸ ਦੇ ਨਤੀਜੇ ਵੀ ਮੌਕੇ ’ਤੇ ਹੀ ਖਪਤਕਾਰ ਨੂੰ ਦੱਸ ਦਿੱਤੇ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬੇ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਗੈਰ ਸਮਾਜੀ ਅਨਸਰਾਂ ਨੂੰ ਨੱਥ ਪਾਉਣ ਅਤੇ ਸੂਬੇ ਦੇ ਲੋਕਾਂ ਨੂੰ ਬਿਨਾਂ ਮਿਲਾਵਟ ਵਾਲਾ ਦੁੱਧ ਮੁਹੱਈਆ ਕਰਵਾਉਣ ਲਈ ਵਿਭਾਗ ਦੇ ਸਾਰੇ ਜ਼ਿਲ੍ਹਾ ਪੱਧਰੀ ਦਫ਼ਤਰਾਂ ਅਤੇ ਸਿਖਲਾਈ ਕੇਂਦਰਾਂ ਵਿੱਚ ਦੁੱਧ ਦੀ ਕੁਆਲਿਟੀ ਅਤੇ ਮਿਲਾਵਟ ਨੂੰ ਪਰਖਣ ਲਈ ਵਿਸ਼ੇਸ਼ ਲੈਬਾਟਰੀਆਂ ਸਥਾਪਤ ਕੀਤੀਆਂ ਹਨ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗੀ ਕਰਮਚਾਰੀਆਂ ਨੂੰ ਦੁੱਧ ਪਰਖ ਸਬੰਧੀ ਸਿਖਲਾਈ ਦੇ ਕੇ ਤੈਨਾਤ ਕੀਤਾ ਗਿਆ ਹੈ। ਕੋਈ ਵੀ ਖਪਤਕਾਰ ਆਪਣੇ ਜ਼ਿਲ੍ਹੇ ਦੇ ਦਫ਼ਤਰ ਜਾਂ ਨੇੜੇ ਦੇ ਸਿਖਲਾਈ ਕੇਂਦਰ ਵਿੱਚ ਸਵੇਰੇ 9.00 ਵਜੇ ਤੋਂ 11.00 ਵਜੇ ਤੱਕ 50 ਗ੍ਰਾਮ ਬਿਨਾਂ ਉਬਾਲੇ ਦੁੱਧ ਦਾ ਨਮੂਨਾ ਲੈ ਕੇ ਚੈਕ ਕਰਵਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਦੁੱਧ ਦੀ ਜਾਂਚ ਮੁਫਤ ਕੀਤੀ ਜਾਵੇਗੀ ਅਤੇ ਜਿਸ ਦਾ ਨਤੀਜਾ ਮੌਕੇ ‘ਤੇ ਹੀ ਦਿੱਤਾ ਜਾਵੇਗਾ। ਸ੍ਰੀ ਬਾਜਵਾ ਨੇ ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਤਰ੍ਹਾਂ ਦੁੱਧ ਪਰਖ ਕਰਵਾ ਕੇ ਅਸੀਂ ਯਕੀਨੀ ਬਣਾ ਸਕਦੇ ਹਾਂ ਕਿ ਅਸੀਂ ਜਿਸ ਭਾਅ ਦੁੱਧ ਖ਼ਰੀਦਦੇ ਹਾਂ ਕਿ ਉਹ ਸਾਡੇ ਪੈਸਿਆਂ ਦਾ ਪੂਰਾ ਮੁੱਲ ਮੋੜਦਾ ਹੈ। ਇਸ ਦੇ ਨਾਲ ਹੀ ਇਹ ਵੀ ਪਤਾ ਲਗਾਇਆ ਜਾ ਸਕਦਾ ਹੈ ਕੀ ਦੁੱਧ ਰਾਹੀਂ ਕੋਈ ਹਾਨੀਕਾਰਕ ਤੱਤ ਪਿਲਾ ਕੇ ਕਿਤੇ ਅਸੀਂ ਆਪਣੇ ਬੱਚਿਆਂ ਦੀ ਸਿਹਤ ਦਾ ਨੁਕਸਾਨ ਤਾਂ ਨਹੀਂ ਕਰ ਰਹੇ।