Excise policy is approved : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 2020-21 ਦੀ ਆਬਕਾਰੀ ਨੀਤੀ (ਐਕਸਾਈਜ਼ ਪਾਲਿਸੀ) ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸ਼ਰਾਬ ਦੀ ਹੋਮ ਡਿਲਵਰੀ ਸਬੰਧੀ ਫੈਸਲਾ ਸ਼ਰਾਬ ਦੇ ਠੇਕੇਦਾਰਾਂ ’ਤੇ ਛੱਡ ਦਿੱਤਾ ਗਿਆ ਹੈ। ਇਥੇ ਤੁਹਾਨੂੰ ਦੱਸ ਦੇਈਏ ਕਿ ਨਵੀਂ ਪਾਲਿਸੀ ਅਧੀਨ ਆਈਆਂ ਸੋਧਾਂ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਠੇਕੇਦਾਰ ਅੱਜ ਤੋਂ ਹੀ ਠੇਕੇ ਖੋਲ੍ਹਣ ਲਈ ਤਿਆਰ ਹੋ ਗਏ ਹਨ। ਜ਼ਿਕਰਯੋਗ ਹੈ ਕਿ ਨਵੀਂ ਪਾਲਿਸੀ ਵਿਚ ਕੀਤੀਆਂ ਗਈਆਂ ਸੋਧਾਂ ਅਧੀਨ ਕਰਫਿਊ ਕਾਰਨ ਠੇਕੇਦਾਰਾਂ ਦੇ ਖਰਾਬ ਹੋਏ 36 ਦਿਨ ਅਡਜਸਟ ਕੀਤੇ ਜਾਣਗੇ ਅਤੇ 22 ਮਾਰਚ ਤੋਂ ਹੀ ਲੌਕਡਾਊਨ ਹੋ ਜਾਣ ਕਾਰਨ ਖਰਾਬ ਹੋਏ 9 ਦਿਨਾਂ ਲਈ ਵੀ ਉਨ੍ਹਾਂ ਨੂੰ ਰਾਹਤ ਦਿੱਤੀ ਜਾਵੇਗੀ।
ਦੱਸਣਯੋਗ ਹੈ ਕਿ ਨਵੀਂ ਪਾਲਿਸੀ ਅਧੀਨ 31 ਮਾਰਚ 2020 ਤੱਕ ਦੇ ਸ਼ਰਾਬ ਦੇ ਠੇਕਿਆਂ ਨੂੰ ਐਕਸਟੈਂਸ਼ਨ ਨਹੀਂ ਦਿੱਤੀ ਜਾਵੇਗੀ ਅਤੇ 31 ਮਾਰਚ 2021 ਤੱਕ ਦੀ ਐਕਸਾਈਜ਼ ਪਾਲਿਸੀ ਵਿਚ ਲੌਕਡਾਊਨ ਅਧੀਨ 1 ਅਪ੍ਰੈਲ ਤੋਂ 6 ਮਈ ਤੱਕ ਸ਼ਰਾਬ ਦੇ ਠੇਕੇ ਬੰਦ ਰਹੇ ਹਨ, ਉਨ੍ਹਾਂ ਨੂੰ ਜੋ ਨੁਕਸਾਨ ਹੋਇਆ ਹੈ ਉਸ ’ਤੇ ਰਿਆਇਤ ਦਿੱਤੀ ਜਾਏਗੀ। ਨਵੀਂ ਪਾਲਿਸੀ ਅਧੀਨ ਮੰਤਰੀਆਂ ਦੀ ਇਕ ਕਮੇਟੀ ਬਣਾਈ ਗਈ ਹੈ, ਜਿਸ ਵਿਚ ਵਿੱਤ ਮੰਤਰੀ, ਸਿੱਖਿਆ ਮੰਤਰੀ, ਹਾਊਸਿੰਗ ਤੇ ਅਰਬਨ ਮੰਤਰੀ ਹੋਣਗੇ। ਦੱਸਣਯੋਗ ਹੈ ਕਿ ਨਵੀਂ ਪਾਲਿਸੀ ਅਧੀਨ ਸ਼ਰਾਬ ’ਤੇ ਕੋਵਿਡ ਟੈਕਸ ਤੋਂ ਰਾਹਤ ਮਿਲੇਗੀ ਪਰ ਭਵਿੱਖ ਵਿਚ ਟੈਕਸ ਲਗਾਉਣ ਲਈ ਸਰਕਾਰ ਵੱਲੋਂ ਪੂਰੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਹ ਹੁਕਮ ਉਨ੍ਹਾਂ ਠੇਕਿਆਂ ਲਈ ਹੀ ਹਨ, ਜਿਨ੍ਹਾਂ ਦੀ 2021 ਲਈ ਅਲਾਟਮੈਂਟ ਰਹਿੰਦੀ ਹੈ।
ਇਥੇ ਜ਼ਿਕਰਯੋਗ ਹੈ ਕਿ ਸ਼ਰਾਬ ਦੀ ਹੋਮ ਡਿਲਵਰੀ ਦਾ ਫੈਸਲਾ ਠੇਕੇਦਾਰਾਂ ’ਤੇ ਹੀ ਛੱਡ ਦਿੱਤਾ ਗਿਆ ਹੈ। ਹੁਣ ਠੇਕੇਦਾਰ ਹੀ ਇਸ ਗੱਲ ਦਾ ਫੈਸਲਾ ਕਰਨਗੇ ਕਿ ਉਹ ਸ਼ਰਾਬ ਦੀ ’ਘਰ ਘਰ ਸ਼ਰਾਬ’ ਮਤਲਬ ਹੋਮ ਡਿਲਵਰੀ ਕਰਨਾ ਚਾਹੁੰਦੇ ਹਨ ਕਿ ਨਹੀਂ। ਮਿਲੀ ਜਾਣਕਾਰੀ ਮੁਤਾਬਕ ਬੀਤੀ ਸ਼ਾਮ ਨੂੰ ਹੀ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਫਾਈਨਾਂਸ਼ੀਅਲ ਕਮਿਸ਼ਨਰ, ਐਕਸਾਈਜ਼ ਐਂਡ ਟੈਕਸੇਸ਼ਨ ਦੇ ਵਧੀਕ ਚਾਰਜ ਤੋਂ ਹਟਾਉਣ ਤੋਂ ਪਹਿਲਾਂ ਹੀ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ। ਦੱਸ ਦੇਈਏ ਕਿ ਕੈਬਨਿਟ ਦੀ ਮੀਟਿੰਗ ਵਿਚ ਮੰਤਰੀਆਂ ਵੱਲੋਂ ਆਬਕਾਰੀ ਨੀਤੀ (ਐਕਸਾਈਜ਼ ਪਾਲਿਸੀ) ਸਬੰਧੀ ਫੈਸਲਾ ਲੈਣ ਦਾ ਅਧਿਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਇਸੇ ਬੈਠਕ ਵਿਚ ਮੁੱਖ ਸਕੱਤਰ ਤੇ ਮੰਤਰੀਆਂ ਵਿਚਾਲੇ ਖਿੱਚੋਤਾਣ ਹੋ ਗਈ ਸੀ, ਜਿਸ ਦੇ ਚੱਲਦਿਆਂ ਮੁੱਖ ਸਕੱਤਰ ਨੂੰ ਫਾਈਨਾਂਸ਼ੀਅਲ ਕਮਿਸ਼ਨਰ, ਐਕਸਾਈਜ਼ ਐਂਡ ਟੈਕਸੇਸ਼ਨ ਦੇ ਵਧੀਕ ਚਾਰਜ ਤੋਂ ਹਟਾ ਦਿੱਤਾ ਗਿਆ।