Fake insurance for expensive : ਚੰਡੀਗੜ੍ਹ ਪੁਲਿਸ ਨੇ ਅੱਜ ਇਥੇ ਇਕ ਵੱਡੇ ਫਰਜ਼ੀਵਾੜੇ ਦਾ ਪਰਦਾਫਾਸ਼ ਕੀਤਾ ਹੈ, ਜਿਥੇ ਪੁਲਿਸ ਨੇ ਇਕ ਮਹਿੰਗੀਆਂ ਗੱਡੀਆਂ ਦੀ ਫਰਜ਼ੀ ਇੰਸ਼ੋਰੈਂਸ ਬਣਾਉਣ ਵਾਲੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਫਿਰ ਇਹੀ ਫਰਜ਼ੀ ਇੰਸ਼ੋਰੈਂਸ ਲਗਾ ਕੇ ਇਨ੍ਹਾਂ ਗੱਡੀਆਂ ਦੀ ਆਰਸੀ ਬਣਵਾ ਲਈ ਜਾਂਦੀ ਸੀ। ਦੋਸ਼ੀ ਦੀ ਪਛਾਣ ਸੈਕਟਰ-25 ਨਿਵਾਸੀ ਸੂਰਜਪਲ ਉਮਰ 36 ਸਾਲ ਵਜੋਂ ਹੋਈ ਹੈ। ਸੈਕਟਰ-17 ਦੀ ਥਾਣਾ ਪੁਲਿਸ ਨੇ ਡੀਐਸਪੀ ਸੈਂਟਰਲ ਕ੍ਰਿਸ਼ਣ ਕੁਮਾਰ ਤੇ ਐਸਐਚਓ 17 ਰਾਮ ਰਤਨ ਦੀ ਅਗਵਾਈ ਵਿਚ ਇਸ ਵਿਅਕਤੀ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਵਿਅਕਤੀ ਸੈਕਟਰ-44 ਵਿਚ ਇਕ ਸਾਈਬਰ ਕੈਫੇ ’ਤੇ ਬੈਠ ਕੇ ਹੀ ਇਹ ਸਾਰਾ ਕੰਮ ਕਰਦਾ ਸੀ। ਉਸ ਕੋਲੋਂ ਕਈ ਮਹਿੰਗੀਆਂ ਗੱਡੀਆਂ ਜਿਵੇਂ ਅੰਡੇਵਰ, ਇਨੋਵਾ ਫਾਰਚਿਊਨਰ ਦੀਆਂ 12 ਆਰਸੀ ਤੇ 3 ਫਰਜ਼ੀ ਇੰਸ਼ੋਰੈਂਸ ਬਰਾਮਦ ਹੋਈਆਂ ਹਨ। ਉਹ 2000 ਰੁਪਏ ਲੈ ਕੇ ਇਨ੍ਹਾਂ ਗੱਡੀਆਂ ਦੇ ਇੰਸ਼ੋਰੈਂਸ ਬਣਾਉਂਦਾ ਸੀ ਫਿਰ ਇਨ੍ਹਾਂ ਫਰਜ਼ੀ ਇੰਸ਼ੋਰੈਂਸ ਨੂੰ ਲਗਾ ਕੇ ਅੱਗੇ ਗੱਡੀ ਆਪਣੇ ਨਾਂ ਕਰਵਾ ਲਈ ਜਾਂਦੀ ਸੀ।
ਇਸ ਤੋਂ ਇਲਾਵਾ ਉਸ ਕੋਲੋਂ ਸੈਕਟਰ-32 ਹਸਪਤਾਲ ਦੀ ਮੋਹਰ ਵੀ ਬਰਾਮਦ ਹੋਈ ਹੈ, ਜੋਕਿ ਇਕ ਡਾਕਟਰ ਦੇ ਨਾਂ ’ਤੇ ਹੈ। ਪੁਲਿਸ ਵੱਲੋਂ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਮੋਹਰ ਫਰਜ਼ੀ ਹੈਂ ਜਾਂ ਕਿਸੇ ਡਾਕਟਰ ਦੀ ਚੋਰੀ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਹੋਰ ਲੋਕਾਂ ਦੇ ਨਾਵਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਇਸ ਵਿਚ ਹੋਰ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਸਕਦੀਆਂ ਹਨ।