Fake news being spread : ਨਵੀਂ ਦਿੱਲੀ : ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦਾ ਨੂੰ 84 ਦਿਨ ਹੋ ਚੁੱਕੇ ਹਨ। ਕਿਸਾਨਾਂ ਨੇ ਜਿਥੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਠਾਣੀ ਹੈ, ਉਥੇ ਹੀ ਸਰਕਾਰ ਵੀ ਆਪਣੇ ਫੈਸਲੇ ਤੋਂ ਹਿਲਦੀ ਨਜ਼ਰ ਨਹੀਂ ਆ ਰਹੀ। ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਬਾਰੇ ਸਰਹੱਦਾਂ ਖਾਲੀ ਹੋਣ ਵਰਗੀਆਂ ਜਾਅਲੀ ਖਬਰਾਂ ਵੀ ਸਾਹਮਣੇ ਆਈਆਂ। ਅਜਿਹੀਆਂ ਗਲਤ ਖਬਰਾਂ ਨਾਲ ਨਜਿੱਠਣ ਲਈ ਕਿਸਾਨਾਂ ਨੇ ਹੁਣ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦਾ ਫੈਸਲਾ ਲਿਆ ਹੈ।
ਕਿਸਾਨ ਆਗੂ ਜਗਤਾਰ ਸਿੰਘ ਬਾਜਵਾ ਨੇ ਦੱਸਿਆ ਕਿ ਅਸੀਂ ਮੀਡੀਆ ਤੋਂ ਨਹੀਂ ਬਲਕਿ ਮੀਡੀਆ ਦੇ ਇਕ ਹਿੱਸੇ ਤੋਂ ਨਰਾਜ਼ ਹਾਂ ਜੋ ਕਿ ਲਗਾਤਾਰ ਜਾਅਲੀ ਖ਼ਬਰਾਂ ਫੈਲਾ ਰਿਹਾ ਹੈ। “ਅਸੀਂ ਕਿਸਾਨਾਂ ਦੇ ਪੁੱਤਰਾਂ ਨੂੰ ਕਿਹਾ ਹੈ ਕਿ ਉਹ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਨ ਲਈ ਕਿਸਾਨਾਂ ਨੂੰ ਸਿਖਲਾਈ ਦੇਣ। ਇਸ ਤੋਂ ਬਾਅਦ ਅਸੀਂ ਖੇਤੀ ਨਾਲ ਜੁੜੀਆਂ ਚੀਜ਼ਾਂ ਪੋਸਟ ਕਰਾਂਗੇ ਅਤੇ ਹਰ ਇਕ ਨੂੰ ਵਿਰੋਧ ਪ੍ਰਦਰਸ਼ਨ ਵਾਲੀ ਥਾਂ ਬਾਰੇ ਸੱਚਾਈ ਦੱਸਾਂਗੇ।
ਉਨ੍ਹਾਂ ਕਿਹਾ ਕਿ ਸਰਹੱਦਾਂ ਖ਼ਾਲੀ ਹੋਣ ਦੀ ਤਾਜ਼ਾ ਖ਼ਬਰਾਂ ਤੋਂ ਬਾਅਦ ਅਸੀਂ ਇਹ ਰਣਨੀਤੀ ਬਣਾਈ ਹੈ। ਸਾਡੀ ਲੜਾਈ ਹੁਣ ਸਿਰਫ ਖੇਤੀ ਕਾਨੂੰਨਾਂ ਬਾਰੇ ਨਹੀਂ ਹੈ, ਸਾਨੂੰ ਉਨ੍ਹਾਂ ਵਿਰੁੱਧ ਲੜਨਾ ਵੀ ਪਏਗਾ ਜੋ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੱਸ ਦੇਈਏ ਕਿ ਕਿਸਾਨ ਪਿਛਲੇ 84 ਦਿਨਾਂ ਤੋਂ ਤਿੰਨ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਸਰਹੱਦਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਸਰਕਾਰ ਅਤੇ ਕਿਸਾਨ ਜੱਥੇਬੰਦੀਆਂ ਦਰਮਿਆਨ 11 ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਪਰ ਉਹ ਬੇਸਿੱਟਾ ਰਹੀ। ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਵਿੱਚ ਸੋਧ ਕਰਨ ਲਈ ਤਾਂ ਤਿਆਰ ਪਰ ਰੱਦ ਕਰਨ ਲਈ।