Fake smartphone messages : ਚੰਡੀਗੜ੍ਹ : ਸੋਸ਼ਲ ਮੀਡੀਆ ਅਤੇ ਵ੍ਹਟਸਐਪ ’ਤੇ ਅੱਜਕਲ ਕੁਝ ਫਰਜ਼ੀ ਮੈਸੇਜ ਦੇਖੇ ਜਾ ਰਹੇ ਹਨ, ਜਿਨ੍ਹਾਂ ਵਿਚ ਮੁੱਖ ਮੰਤਰੀ ਵੱਲੋਂ ਸਕੀਮ ਹੇਠ ਮੁਫਤ ਸਮਾਰਟ ਫੋਨ ਲੈਣ ਲਈ ਰਜਿਸਟ੍ਰੇਸ਼ਨ ਕਰਵਾਉਣ ਲਈ ਕਿਹਾ ਗਿਆ ਹੈ। ਅਜਿਹੇ ਫਰਜ਼ੀ ਮੈਸੇਜਾਂ ਬਾਰੇ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਅਧੀਨ ਮੁਫ਼ਤ ਵਿੱਚ ਸਮਾਰਟ ਫ਼ੋਨ ਦੇਣ ਦਾ ਲਾਰਾ ਲਾਉਣ ਵਾਲੇ ਆਨਲਾਈਨ ਧੋਖੇਬਾਜ਼ਾਂ ਦੇ ਝਾਂਸੇ ਵਿੱਚ ਨਾ ਆਉਣ।
ਸਿੱਖਿਆ ਮੰਤਰੀ ਨੇ ਦੱਸਿਆ ਕਿ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਸਿਰਫ਼ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਲਈ ਹੈ ਅਤੇ ਉਨ੍ਹਾਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਦੇ ਆਧਾਰ ‘ਤੇ ਮੁਫ਼ਤ ਵਿੱਚ ਸਮਾਰਟ ਫ਼ੋਨ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਲਈ ਹੋਰ ਲੋਕਾਂ ਨੂੰ ਅਜਿਹੀ ਸਕੀਮ ਦੇ ਘੇਰੇ ਵਿੱਚ ਲਿਆਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸੂਬਾ ਸਰਕਾਰ ਨੇ ਅਜਿਹੀ ਕੋਈ ਵੈੱਬਸਾਈਟ ਜਾਂ ਸੋਸ਼ਲ ਮੀਡੀਆ ਪਲੇਟਫ਼ਾਰਮ ਦੀ ਸ਼ੁਰੂਆਤ ਨਹੀਂ ਕੀਤੀ, ਜਿਸ ‘ਤੇ ਸਮਾਰਟ ਫ਼ੋਨਾਂ ਲਈ ਰਜਿਸਟ੍ਰੇਸ਼ਨ ਹੋ ਰਹੀ ਹੋਵੇ। ਉਨ੍ਹਾਂ ਅਜਿਹੇ ਮੋਬਾਈਲ ਸੰਦੇਸ਼ ਜਾਂ ਵਟਸਐਪ ਰਾਹੀਂ ਫੈਲਾਏ ਜਾ ਰਹੇ ਅਜਿਹੇ ਸੰਦੇਸ਼ਾਂ ਅਤੇ ਯੂ.ਆਰ.ਐਲ. ਲਿੰਕ ‘ਤੇ ਕਲਿੱਕ ਨਾ ਕਰਨ ਅਤੇ ਇਨ੍ਹਾਂ ਤੋਂ ਸੁਚੇਤ ਰਹਿਣ ਲਈ ਕਿਹਾ ਅਤੇ ਅਜਿਹਾ ਲਿੰਕ ਆਉਣ ‘ਤੇ ਇਸ ਨੂੰ ਅੱਗੇ ਨਾ ਭੇਜਣ ਅਤੇ ਤੁਰੰਤ ਡਿਲੀਟ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ।
ਦੱਸਣਯੋਗ ਹੈ ਕਿ ਇਨ੍ਹਾਂ ਫਰਜ਼ੀ ਮੈਸੇਜਾਂ ਵਿਚ ਗ੍ਰਾਫਿਕ ਵਿਚ ਪੰਜਾਬ ਦੇ ਮੁੱਖ ਮੰਤਰੀ ਦੀ ਤਸਵੀਰ ਅਤੇ ‘ਕੈਪਟਨ ਸਮਾਰਟ ਫ਼ੋਨ ਡਿਸਟ੍ਰੀਬਿਊਸ਼ਨ ਸਕੀਮ 2020’ ਸਿਰਲੇਖ ਹੇਠ ਰਜਿਸਟ੍ਰੇਸ਼ਨ ਲਈ ਪ੍ਰੋਫ਼ਾਰਮਾ ਦਿੱਤਾ ਗਿਆ ਹੈ, ਜਿਨ੍ਹਾਂ ’ਤੇ ਧੋਖਾਧੜੀ ਵਾਲੇ ਸੁਨੇਹੇ ‘ਤੇ ਕਲਿੱਕ ਕਰਨ ਨਾਲ ਮੋਬਾਈਲ ਦਾ ਕੰਟਰੋਲ ਸਾਈਬਰ ਅਪਰਾਧੀਆਂ ਦੇ ਹੱਥ ਵਿੱਚ ਜਾ ਸਕਦਾ ਹੈ।