False corona report of farmers : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ’ਤੇ ਕਿਸਾਨੀ ਅੰਦੋਲਨ ਨੂੰ ਲੀਹੋਂ ਲਾਹੁਣ ਦਾ ਦੋਸ਼ ਲਾਇਆ ਹੈ।
ਉਨ੍ਹਾਂ ਕਿਹਾ ਕਿ ਵਾਰ-ਵਾਰ ਮੰਗਾਂ ਦੇ ਬਾਵਜੂਦ ਸਰਕਾਰ ਨੇ ਦਿੱਲੀ ਸਰਹੱਦ ‘ਤੇ ਕਿਸਾਨਾਂ ਦੇ ਟੀਕਾਕਰਨ ਲਈ ਮੁਹਿੰਮ ਦੀ ਸ਼ੁਰੂਆਤ ਨਹੀਂ ਕੀਤੀ। ਅੰਦੋਲਨ ਨੂੰ ਖਤਮ ਕਰਨ ਲਈ ਕਿਸਾਨਾਂ ਦੀ ਝੂਠੀ ਕੋਵਿਡ ਰਿਪੋਰਟ ਬਣਾ ਕੇ ਉਨ੍ਹਾਂ ਨੂੰ ਪਾਜ਼ੀਟਿਵ ਦੱਸਿਆ ਜਾ ਰਿਹਾ ਹੈ।
ਸ਼ਨੀਵਾਰ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਕਿਸਾਨੀ ਅੰਦੋਲਨ ਬਾਰੇ ਕਿਹਾ ਜਾ ਰਿਹਾ ਹੈ ਕਿ ਟਿਕਰੀ ਅਤੇ ਸਿੰਘੂ ਸਰਹੱਦਾਂ ‘ਤੇ ਲਾਗ ਫੈਲੀ ਹੋਈ ਹੈ। ਉਨ੍ਹਾਂ ਕਿਹਾ ਕਿ ਦੋ ਕਿਸਾਨ ਆਗੂਆਂ ਦੀ ਮੌਤ ਉਨ੍ਹਾਂ ਦੀ ਬੀਮਾਰੀ ਕਰਕੇ ਹੋਈ, ਨਾ ਕਿ ਕੋਰੋਨਾ ਕਰਕੇ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਕਿਸਾਨ ਸਫਲਤਾਪੂਰਵਕ ਵਿਰੋਧ ਕਰ ਰਹੇ ਹਨ ਅਤੇ ਸੰਯੁਕਤ ਕਿਸਾਨ ਮੋਰਚਾ ਕਦੇ ਨਹੀਂ ਚਾਹੇਗਾ ਕਿ ਕੋਈ ਵੀ ਕਿਸਾਨ ਇਸ ਦੀ ਲਪੇਟ ਵਿੱਚ ਆਏ।
ਰਾਜੇਵਾਲ ਨੇ ਕਿਹਾ ਕਿ ਜ਼ਰੂਰੀ ਦਵਾਈਆਂ ਦੀ ਮੁਫਤ ਉਪਲਬਧਤਾ ਤੋਂ ਇਲਾਵਾ, ਕਿਸਾਨ ਸੰਗਠਨਾਂ ਨੇ ਧਰਨੇ ਵਾਲੀਆਂ ਥਾਵਾਂ ’ਤੇ ਲਾਗ ਨੂੰ ਕੰਟਰੋਲ ਕਰਨ ਲਈ ਲੋੜੀਂਦੇ ਪ੍ਰਬੰਧ ਕੀਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਇਸ ਵਿਰੋਧ ਪ੍ਰਦਰਸ਼ਨ ਨੂੰ ਲੀਹੋਂ ਲਾਹੁਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਸਾਨ ਜਥੇਬੰਦੀਆਂ ਨੇ ਹਰਿਆਣਾ ਸਰਕਾਰ ਨੂੰ ਕੋਵਿਡ ਦੀ ਸਥਿਤੀ ਦੀ ਜਾਂਚ ਕਰਨ ਅਤੇ ਕਿਸਾਨਾਂ ਨੂੰ ਟੀਕੇ ਲਗਾਉਣ ਲਈ ਡਾਕਟਰਾਂ ਦੀਆਂ ਟੀਮਾਂ ਨੂੰ ਦਿੱਲੀ ਬਾਰਡਰ ‘ਤੇ ਭੇਜਣ ਲਈ ਬੇਨਤੀ ਕੀਤੀ ਸੀ, ਪਰ ਅਜੇ ਤੱਕ ਕੋਈ ਡਾਕਟਰ ਨਹੀਂ ਪਹੁੰਚਿਆ।
ਇਹ ਵੀ ਪੜ੍ਹੋ : ਦੋ-ਤਿੰਨ ਹਫਤਿਆਂ ਤੱਕ ਇੱਕੋ ਮਾਸਕ ਦੇ ਇਸਤੇਮਾਲ ਨਾਲ ਹੋ ਸਕਦਾ ਹੈ ਬਲੈਕ ਫੰਗਸ ਦਾ ਖਤਰਾ
ਰਾਜੇਵਾਲ ਨੇ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੇ ਪੰਜਾਬ ਦੇ ਪਿੰਡਾਂ ਵਿੱਚ ਕੋਵਿਡ ਦੇ ਫੈਲਣ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਬਿਆਨ ਦੀ ਅਲੋਚਨਾ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਦਿੱਲੀ ਸਰਹੱਦ ‘ਤੇ 6 ਮਹੀਨੇ ਦਾ ਧਰਨਾ ਪੂਰਾ ਕਰਨਗੇ ਅਤੇ 26 ਮਈ ਨੂੰ ਕਿਸਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕ ਕੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਪਿੰਡ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਕਰਨਗੇ।
ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ ‘ਚ ਆਮ ਆਦਮੀ ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ, ਕੀਤੀ ਇਹ ਅਪੀਲ
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਖੇਤੀ ਕਾਨੂੰਨਾਂ ਬਾਰੇ ਰਾਸ਼ਟਰੀ ਪੱਧਰੀ ਕਾਨਫ਼ਰੰਸ ਕਰਵਾਏਗਾ। ਇਸ ਵਿੱਚ ਅੰਦੋਲਨ ਦੀ ਅਗਾਂਹਵਧੂ ਰਣਨੀਤੀ ਬਣਾਈ ਜਾਏਗੀ। ਇੱਕ ਵਾਰ ਕੋਰੋਨਾ ਦੀ ਸਥਿਤੀ ਆਮ ਹੋ ਜਾਣ ’ਤੇ ਸਥਾਨ ਅਤੇ ਤਰੀਕ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।