Family of comrade Balwinder Singh : ਭਿਖੀਵਿੰਡ : ਪਿਛਲੇ ਦਿਨੀਂ ਸ਼ੌਰਿਆ ਚੱਕਰ ਐਵਾਰਡੀ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਸਰਕਾਰ ਇਹ ਕਹਿ ਕੇ ਉਨ੍ਹਾਂ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ ਜਦੋਂ ਤੱਕ ਉਨ੍ਹਾਂ ਨੂੰ ਪੱਕੀ ਸਕਿਓਰਿਟੀ ਨਹੀਂ ਦਿੱਤੀ ਜਾਂਦੀ ਤੇ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਬਲਵਿੰਦਰ ਸਿੰਘ ਦਾ ਅੰਤਿਮ ਸਸਕਾਰ ਨਹੀਂ ਕਰਨਗੇ। ਉਸ ਤੋਂ ਬਾਅਦ ਸਰਕਾਰ ਵੱਲੋਂ ਦਾਅਵਾ ਪਰਿਵਾਰ ਨੂੰ ਸਕਿਓਰਿਟੀ ਦੇਣ ਦਾ ਦਾਅਵਾ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਪਰ ਪਰਿਵਾਰ ਦਾ ਕਹਿਣਾ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਦੇ ਦਾਅਵੇ ਝੂਠੇ ਹਨ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਕਿਓਰਿਟੀ ਨਹੀਂ ਦਿੱਤੀ ਗਈ ਹੈ। ਉਹ ਪਹਿਲਾਂ ਵੀ ਆਪਣੀ ਸੁਰੱਖਿਆ ਆਪ ਕਰਦੇ ਰਹੇ ਹਨ। ਉਨ੍ਹਾਂ ਨੂੰ ਸੁਰੱਖਿਆ ਦੇਣਾ ਸਰਕਾਰ ਦਾ ਫਰਜ਼ ਬਣਦਾ ਹੈ ਅਤੇ ਜੇਕਰ ਸਰਕਾਰ ਆਪਣਾ ਫਰਜ਼ ਨਹੀਂ ਨਿਭਾਉਂਦੀ ਤਾਂ ਉਹ ਹੁਣ ਵੀ ਆਪਣੀ ਸੁਰੱਖਿਆ ਖੁਦ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਤੇ ਪ੍ਰਸ਼ਾਸਨ ਤੋਂ ਕੋਈ ਆਸ ਨਹੀਂ ਹੈ, ਜੋ ਕਰਾਂਗੇ ਖੁਦ ਕਰਾਂਗੇ।
ਅੱਜ ਕਾਮਰੇਡ ਬਲਵਿੰਦਰ ਸਿੰਘ ਦੀ ਫੁੱਲ ਚੁਗਣ ਦੀ ਰਸਮ ਮੌਕੇ ਪੱਤਰਕਾਰਾਂ ਨਾਲ ਹੋਣ ਗੱਲਬਾਤ ਵਿੱਚ ਕਾਮਰੇਡ ਬਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਸਕਿਓਰਿਟੀ ਨਹੀਂ ਦਿੱਤੀ ਗਈ, ਗੇਟ ਤੇ ਤਿੰਨ ਬੰਦਿਆਂ ਨੂੰ ਘਰ ਦੇ ਗੇਟ ’ਤੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਸੰਦੇਸ਼ ਦਿੱਤਾ ਕਿ ਜੋ ਉਹ ਪਰਿਵਾਰ ਨੂੰ ਸਕਿਓਰਿਟੀ ਦੇਣ ਦੀ ਗੱਲ ਕਹਿ ਰਹੇ ਹਨ ਉਹ ਅਸਲ ਵਿੱਚ ਲਾਗੂ ਵੀ ਕਰਨ। ਸਕਿਓਰਿਟੀ ਨਾ ਦੇਣਾ ਕੋਈ ਬਹੁਤ ਵੱਡੀ ਮੁਸ਼ਕਲ ਵਾਲੀ ਗੱਲ ਵੀ ਨਹੀਂ ਹੈ ਸਕਿਓਰਿਟੀ ਦੇਣਾ ਤੁਹਾਡਾ ਫਰਜ਼ ਹੈ ਅਸੀਂ ਕੋਈ ਭੀਖ ਨਹੀਂ ਮੰਗ ਰਹੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਤੇ ਸਰਕਾਰ ਪਰਿਵਾਰ ਦੀ ਮੁਸ਼ਕਲ ਨੂੰ ਸਮਝਦਾ ਹੈ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ ਤਾਂ ਉਨ੍ਹਾਂ ਨੂੰ ਸਕਿਓਰਿਟੀ ਦੇਣੀ ਚਾਹੀਦੀ ਹੈ, ਨਹੀਂ ਤਾਂ ਜਿੰਨਾ ਸਾਡੇ ਵਿੱਚ ਦਮ ਹੈ ਅਸੀਂ ਲੜ ਰਹੇ ਹਾਂ ਤੇ ਲੜਦੇ ਰਹਾਂਗੇ।
ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਨੇ ਕਾਮਰੇਡ ਬਲਦੇਵ ਸਿੰਘ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਪਰਿਵਾਰ ਨੂੰ ਸਕਿਓਰਿਟੀ ਦੇਣ ਦੀ ਗੱਲ ਕਹੀ ਉਹ ਸਸਕਾਰ ਹੋਣ ਤੋਂ ਬਾਅਦ ਸਭ ਭੁਲ ਗਏ। ਪਰਿਵਾਰ ਨੂੰ ਕੋਈ ਸਕਿਓਰਿਟੀ ਨਹੀਂ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਕਾਮਰੇਡ ਬਲਵਿੰਦਰ ਸਿੰਘ ਨੇ ਅੱਤਵਾਦ ਦੇ ਦੌਰ ਵਿੱਚ ਅੱਤਵਾਦੀਆਂ ਦਾ ਪੂਰੀ ਬਹਾਦੁਰੀ ਨਾਲ ਮੁਕਾਬਲਾ ਕੀਤਾ ਸੀ। ਉਨ੍ਹਾਂ ਦੇ ਜੀਵਨ ‘ਤੇ ਕਈ ਟੈਲੀ ਫਿਲਮਾਂ ਵੀ ਬਣੀਆਂ ਸਨ। ਦੱਸ ਦੇਈਏ ਕਿ ਬੀਤੇ ਦਿਨ ਸਵੇਰੇ ਸੱਤ ਵਜੇ ਦੇ ਕਰੀਬ ਕਾਮਰੇਡ ਬਲਵਿੰਦਰ ਸਿੰਘ ਦੇ ਘਰ ਵਿੱਚ ਦਾਖਲ ਹੋਏ ਅਤੇ ਉਸ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਾਮਰੇਡ ਬਲਵਿੰਦਰ ਬਹਾਦੁਰੀ ਪੁਰਸਕਾਰ ਜੇਤੂ ਸਨ। ਪਰਿਵਾਰ ਨੂੰ ਸ਼ੱਕ ਹੈ ਕਿ ਇਹ ਹਮਲਾ ਅੱਤਵਾਦੀ ਹੋ ਸਕਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਮਾਮਲੇ ਦੀ ਜਾਂਚ ਲਈ SIT ਨੂੰ ਹੁਕਮ ਦਿੱਤੇ ਹਨ। ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਜਾਂਚ ਕਰ ਰਹੇ ਹਾਂ ਪਰ ਅਜੇ ਕੁਝ ਵੀ ਦੱਸ ਨਹੀਂ ਸਕਦੇ।