Famous Punjabi Poet Harbhajan Singh : ਲੁਧਿਆਣਾ : ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਰਪ੍ਰਸਤ ਤੇ (ਸਿਆਟਲ) ਅਮਰੀਕਾ ਵੱਸਦੇ ਪੰਜਾਬੀ ਕਵੀ ਹਰਭਜਨ ਸਿੰਘ ਬੈਂਸ ਬੀਤੀ15 ਜੁਲਾਈ ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਬੈਂਸ ਪੰਜਾਬੀ ਮਾਂ-ਬੋਲੀ ਦੇ ਅਲੰਬਰਦਾਰ, ਉਸਤਾਦ ਗ਼ਜ਼ਲਗੋ, ਕਈ ਕਿਤਾਬਾਂ ਦੇ ਰਚਇਤਾ, ਕਈ ਭਾਸ਼ਾਵਾਂ ਦੇ ਜਾਣਕਾਰ ਤੇ ਮਹਾਨ ਵਿਦਵਾਨ ਸਨ। ਉਹ ਕੈਨੇਡਾ ’ਚ ਛਪਦੇ ਹਫਤਾਵਾਰੀ ਅਖ਼ਬਾਰ ਚੜ੍ਹਦੀ ਕਲਾ ਦੇ ਵੀ ਸੰਪਾਦਕ ਰਹੇ। ਸਰਦਾਰ ਬੈਂਸ ਨੂੰ ਭਾਰਤ, ਪਾਕਿਸਤਾਨ, ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਹੋਰ ਕਈ ਦੇਸ਼ਾਂ ਵਿੱਚ ਅਨੇਕਾਂ ਮਾਣ-ਸਨਮਾਣ ਮਿਲੇ ਹਨ। ਉਹ ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਮੋਢੀਆਂ ਵਿਚੋਂ ਸਨ ਅਤੇ ਲੰਮਾ ਸਮਾਂ ਪ੍ਰਧਾਨ ਵੀ ਰਹੇ। ਸਰਦਾਰ ਹਰਭਜਨ ਸਿੰਘ ਬੈਂਸ ਆਪਣੇ ਪਿੱਛੇ ਤਿੰਨ ਸਪੁੱਤਰ ਹਰਿੰਦਰਪਾਲ ਸਿੰਘ ਬੈਂਸ, ਗਗਨਦੀਪ ਸਿੰਘ ਬੈਂਸ, ਗੁਰਿੰਦਰ ਸਿੰਘ ਬੈਂਸ, ਬੇਟੀ ਰਵਿੰਦਰ ਕੌਰ, ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਹੱਸਦਾ-ਵੱਸਦਾ ਪਰਿਵਾਰ ਛੱਡ ਕੇ ਗਏ ਹਨ।
ਬੈਂਸ ਦੇ ਦਿਹਾਂਤ ’ਤੇ ਪੰਜਾਬੀ ਸਾਹਿਤ ਅਕੈਡਮੀ ਦੇ ਸਾਬਕਾ ਪ੍ਰਧਾਨ ਤੇ ਉਨ੍ਹਾਂ ਦੇ ਪਰਿਵਾਰਕ ਸਨੇਹੀ ਪ੍ਰੋ: ਗੁਰਭਜਨ ਸਿੰਘ ਗਿੱਲ, ਸਰਦਾਰ ਪੰਛੀ, ਤਿਰਲੋਚਨ ਲੋਚੀ, ਡਾ. ਗੁਰਇਕਬਾਲ ਸਿੰਘ, ਮਨਜਿੰਦਰ ਸਿੰਘ ਧਨੋਆ, ਡਾ. ਜਗਵਿੰਦਰ ਜੋਧਾ, ਰਮਣੀਕ ਕੌਰ, ਗੁਰਚਰਨ ਕੌਰ ਕੋਚਰ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਜਗਵਿੰਦਰ ਜੋਧਾ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਵਾਸੀ ਸਾਹਿਤ ਅਧਿਐਨ ਕੇਂਦਰ ਦੇ ਸਰਪ੍ਰਸਤ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐੱਸ ਪੀ ਸਿੰਘ, ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਭੱਠਲ, ਜਨ. ਸਕੱਤਰ ਡਾ. ਸੁਰਜੀਤ ਸਿੰਘ ਨੇ ਵੀ ਪੰਜਾਬੀ ਕਵੀ ਸ. ਹਰਭਜਨ ਸਿੰਘ ਬੈਂਸ ਦੇ ਜਾਣ ’ਤੇ ਦੁਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਜਾਣ ਦਾ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਉਥੇ ਪੰਜਾਬੀ ਲਿਖਾਰੀ ਸਭਾ ਸਿਆਟਲ ਅਤੇ ਪੰਜਾਬੀ ਮਾਂ-ਬੋਲੀ ਦੇ ਪਿਆਰ ਕਰਨ ਵਾਲੇ ਸਮੂਹ ਪੰਜਾਬੀਆਂ ਨੂੰ ਵੀ ਭਾਰੀ ਘਾਟਾ ਪਿਆ ਹੈ।