Faridkot Confirmation of a : ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਗੁੜਗਾਓਂ ਤੋਂ ਫਰੀਦਕੋਟ ਆਇਆ 22 ਸਾਲਾ ਨੌਜਵਾਨ ਕੋਰੋਨਾ ਪਾਜੀਟਿਵ ਪਾਇਆ ਗਿਆ ਹੈ। ਫਰੀਦਕੋਟ ਜਿਥੇ ਸਿਹਤ ਵਿਭਾਗ ਦੀ ਨਵੀਂ ਨੀਤੀ ਮੁਤਾਬਕ ਕੋਰੋਨਾ ਪਾਜੀਟਿਵ ਮਰੀਜ਼ਾਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਛੁੱਟੀ ਦੇ ਕੇ ਘਰ ਭਿਜਵਾ ਦਿੱਤਾ ਗਿਆ ਸੀ ਤੇ ਜਿਲ੍ਹਾ ਫਰੀਦਕੋਟ ਕੋਰੋਨਾ ਮੁਕਤ ਹੋ ਗਿਆ ਸੀ ਵਿਖੇ ਅੱਜ ਦੁਬਾਰਾ ਤੋਂ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਚੇਨ ਸ਼ੁਰੂ ਹੋ ਗਈ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਵਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਲਗਭਗ 4132 ਸੈਂਪਲ ਟੈਸਟ ਲਈ ਭੇਜੇ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 134 ਪੈਂਡਿੰਗ ਹਨ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ 3923 ਵਿਅਕਤੀਆਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ। ਫਿਲਹਾਲ ਫਰੀਦਕੋਟ ਵਿਖੇ ਸਿਰਫ ਇਕ ਹੀ ਕੋਰੋਨਾ ਪਾਜੀਟਿਵ ਦਾ ਐਕਟਿਵ ਕੇਸ ਹੈ।
ਮੁੱਖ ਮੰਤਰੀ ਵਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਰੇਲਵੇ, ਹਵਾਈ ਜਹਾਜ਼ ਜਾਂ ਬੱਸ ਰਾਹੀਂ ਹੋਰਨਾਂ ਸੂਬਿਆਂ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਕੁਝ ਦਿਨਾਂ ਲਈ ਕੁਆਰੰਟਾਈਨ ਕੀਤਾ ਜਾਵੇਗਾ ਤੇ ਇਸੇ ਤਹਿਤ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਵਲੋਂ ਪੂਰੀ ਈਮਾਨਦਾਰੀ ਨਾਲ ਆਪਣੀ ਡਿਊਟੀ ਨੂੰ ਨਿਭਾਇਆ ਜਾ ਰਿਹਾ ਹੈ ਤੇ ਸਾਰਿਆਂ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 26 ਵਿਅਕਤੀਆਂ ਦੇ ਸੈਂਪਲ ਲੈਬ ਵਿਚ ਭੇਜੇ ਗਏ ਸਨ ਜਿਨ੍ਹਾਂ ਵਿਚੋਂ 19 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਤੇ 6 ਦੀ ਰਿਪੋਰਟ ਪੈਂਡਿੰਗ ਹੈ।
ਜਿਲ੍ਹਾ ਨੋਡਲ ਅਫਸਰ ਕ੍ਰਿਸ਼ਨ ਭੱਲਾ ਨੇ ਕਿਹਾ ਕਿ ਅਜੇ ਤਾਂ ਫਰੀਦਕੋਟ ਵਿਖੇ ਸਿਰਫ ਇਕ ਹੀ ਐਕਟਿਵ ਕੇਸ ਹੈ ਪਰ ਇਸ ਦੇ ਨਾਲ ਹੀ ਸਾਨੂੰ ਪੂਰੀ ਸਾਵਧਾਨੀ ਦੇ ਨਾਲ-ਨਾਲ ਪੂਰੀ ਅਹਿਤਿਆਤ ਨਾਲ ਕੰਮ ਕਰਨਾ ਹੋਵੇਗਾ ਤਾਂ ਜੋ ਇਸ ਸਥਿਤੀ ਨੂੰ ਬਰਕਰਾਰ ਰੱਖਿਆ ਜਾ ਸਕੇ। ਪੁਲਿਸ ਅਫਸਰਾਂ, ਡਾਕਟਰਾਂ, ਨਰਸਾਂ ਤੇ ਸਟਾਫ ਮੈਂਬਰਾਂ ਵਲੋਂ ਇਸ ਮੁਸ਼ਕਿਲ ਘੜੀ ਵਿਚ ਆਪਣੀ ਜਾਨ ਜੋਖਿਮ ਵਿਚ ਪਾ ਕੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਤਾਂ ਜੋ ਇਸ ਵਾਇਰਸ ਨੂੰ ਹੋਰ ਵਧਣ ਤੋਂ ਕੰਟਰੋਲ ਕੀਤਾ ਜਾ ਸਕੇ । ਉਨ੍ਹਾਂ ਕੋਰੋਨਾ ਤੋਂ ਬਚਣ ਸਬੰਧੀ ਸਰਕਾਰ ਵਲੋਂ ਜਾਰੀ ਐਡਵਾਈਜਰੀਆਂ ਸਬੰਧੀ ਜਾਗਰੂਕਤਾ ਜਾਰੀ ਰੱਖਣ ਲਈ ਮਾਸ ਮੀਡੀਆ ਇੰਚਾਰਜ ਡਾ. ਪ੍ਰਭਦੀਪ ਸਿੰਘ ਚਾਵਲਾ ਨੂੰ ਫੀਲਡ ਸਟਾਫ ਤੇ ਪੰਚਾਇਤਾਂ ਨਾਲ ਤਾਲਮੇਲ ਬਣਾਉਣ ਦੀ ਵੀ ਹਦਾਇਤ ਕੀਤੀ।